ਅਨੰਤਨਾਗ ਵਿੱਚ ਸੁਰੱਖਿਆ ਫੋਰਸ ਨੂੰ ਮਿਲੀ ਵੱਡੀ ਸਫਲਤਾ, 2 ਅੱਤਵਾਦੀ ਢੇਰ

ਅਨੰਤਨਾਗ – ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਅਨੰਤਨਾਗ ਦੇ ਇਕ ਪਿੰਡ ਵਿਚ ਸਾਰੇ ਨਿਕਾਸੀ ਮਾਰਗਾਂ ਨੂੰ ਸੀਲ ਕੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ| ਇਸ ਦੌਰਾਨ ਜਦੋਂ ਸੁਰੱਖਿਆ ਫੋਰਸ ਦੇ ਜਵਾਨ ਪਿੰਡ ਦੇ ਇਕ ਖਾਸ ਇਲਾਕੇ ਵੱਲ ਵਧ ਰਹੇ ਸਨ ਤਾਂ ਉੱਥੇ ਪਹਿਲਾਂ ਤੋਂ ਲੁਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ| ਇਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ ਹੋ ਗਏ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿੱਚ ਮੇਜਰ ਅਤੇ ਇਕ ਜਵਾਨ ਵੀ ਜ਼ਖਮੀ ਹੋਇਆ ਹੈ| ਇਸ ਦਰਮਿਆਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸਾਵਾਧਾਨੀ ਦੇ ਤੌਰ ਤੇ ਮੋਬਾਈਲ ਸੇਵਾਵਾਂ ਤੇ ਰੋਕ ਲਾ ਦਿੱਤੀ ਗਈ ਹੈ| ਕਿਸੇ ਪ੍ਰਕਾਰ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਵਾਧੂ ਸੁਰੱਖਿਆ ਫੋਰਸ ਦੇ ਜਵਾਨ ਅਤੇ ਸੂਬਾ ਪੁਲੀਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ|

VIA PUNJAB