ਅਫ਼ਗਾਨਿਸਤਾਨ: ਚੋਣ ਦਫ਼ਤਰ ਮੂਹਰੇ ਧਮਾਕਾ; ਦੋ ਮੌਤਾਂ

ਜਲਾਲਾਬਾਦ – ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਹੋਏ ਇਕ ਆਤਮਘਾਤੀ ਬੰਬ ਧਮਾਕੇ ਵਿੱਚ ਦੋ ਜਣੇ ਮਾਰੇ ਗਏ। ਸੂਬਾਈ ਗਵਰਨਰ ਦੇ ਤਰਜਮਾਨ ਅਤਾਉੱਲ੍ਹਾ ਖੋਗਿਆਨੀ ਨੇ ਖ਼ੁਦਕੁਸ਼ ਬੰਬਾਰ ਦੀ ਪੁਸ਼ਟੀ ਕਰਦਿਆਂ ਏਐਫਪੀ ਨੂੰ ਦੱਸਿਆ ‘‘ ਇਸ ਵਿੱਚ ਦੋ ਜਣੇ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ।’’ ਸੂਬੇ ਦੇ ਹੈਲਥ ਡਾਇਰੈਕਟਰ ਨਜੀਬ ਕਾਮਾਵਾਲ ਨੇ ਵੀ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਖ਼ੁਦਕੁਸ਼ ਬੰਬਾਰ ਨੇ ਜਲਾਲਾਬਾਦ ਵਿੱਚ ਚੋਣ ਕਮਿਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਲਗਾਏ ਪੰਡਾਲ ਦੇ ਨੇੜੇ ਧਮਾਕਾ ਕੀਤਾ। ਮਿਰਜ਼ਾ ਅਮੀਨ ਨੇ ਦੱਸਿਆ ‘‘ ਇਹ ਬਹੁਤ ਵੱਡਾ ਧਮਾਕਾ ਸੀ ਜਿਸ ਨਾਲ ਸਾਡਾ ਘਰ ਹਿੱਲ ਗਿਆ।’’ ਹਫ਼ਤਾ ਕੁ ਪਹਿਲਾਂ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਤਾਲਿਬਾਨ ਨਾਲ ਤਿੰਨ ਮਹੀਨਿਆਂ ਲਈ ਗੋਲੀਬੰਦੀ ਦੀ ਪੇਸ਼ਕਸ਼ ਕੀਤੀ ਸੀ ਜਿਸ ਦੀ ਅਮਰੀਕਾ ਤੇ ਨਾਟੋ ਨੇ ਵੀ ਸ਼ਲਾਘਾ ਕੀਤੀ ਸੀ।

VIA PUNJAB