ਅਮਰੀਕਾ ‘ਚ ਬਜ਼ੁਰਗ ਪੰਜਾਬੀ ‘ਤੇ ਹਮਲਾ ਕਰਨ ਵਾਲੇ ਹਮਲਾਵਰ ਗ੍ਰਿਫਤਾਰ

ਨਿਊਯਾਰਕ – ਬੀਤੇ ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ 71 ਸਾਲਾ ਸਿੱਖ ਬਜ਼ੁਰਗ ‘ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ‘ਚ ਕੈਲੀਫੋਰਨੀਆ ਦੇ ਪੁਲਸ ਮੁਖੀ ਦੇ ਪੁੱਤਰ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਅਤੇ ਮਾੜੇ ਵਤੀਰੇ ਦਾ ਦੋਸ਼ ਲਾਇਆ ਗਿਆ ਹੈ। ਦੋਹਾਂ ਨੌਜਵਾਨਾਂ ਨੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਸ ‘ਤੇ ਥੁੱਕਿਆ ਸੀ। ਕੈਲੀਫੋਰਨੀਆ ਦੇ ਸ਼ਹਿਰ ਮੈਨਟਿਕਾ ‘ਚ ਸੜਕ ਕਿਨਾਰੇ ਸਾਹਿਬ ਸਿੰਘ ਨੱਟ ਨਾਂ ਦੇ ਬਜ਼ੁਰਗ ‘ਤੇ ਹਮਲਾ ਹੋਇਆ ਸੀ। ਪੁਲਸ ਨੇ 18 ਸਾਲਾ ਟਾਇਰੋਨ ਕੀਥ ਮੈਕਐਲਿਸਟਰ ਅਤੇ 16 ਸਾਲਾ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਟਾਇਰੋਨ ਕੀਥ ਮੈਕਐਲਿਸਟਰ ਯੂਨੀਅਨ ਸਿਟੀ ਪੁਲਸ ਮੁਖੀ ਡੈਰਿਲ ਐਲਿਸਟਰ ਦਾ ਪੁੱਤਰ ਹੈ। ਮੈਨਟਿਕਾ ਪੁਲਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਰੇ ਸੁਰਾਗ ਮਿਲੇ ਹਨ, ਜਿਸ ਨਾਲ ਸ਼ੱਕੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਸੂਚਨਾ ਦੇ ਕੇ ਇਸ ਮਾਮਲੇ ਵਿਚ ਮਦਦ ਕੀਤੀ, ਜਿਸ ਤੋਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਵਿਚ ਮਦਦ ਮਿਲੀ। ਓਧਰ ਟਾਇਰੋਨ ਕੀਥ ਮੈਕਐਲਿਸਟਰ ਦੇ ਪਿਤਾ ਨੇ ਯੂਨੀਅਨ ਸਿਟੀ ਪੁਲਸ ਵਿਭਾਗ ਦੇ ਫੇਸਬੁੱਕ ਪੇਜ ‘ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਸ ਭਿਆਨਕ ਅਪਰਾਧ ਦੇ ਸ਼ੱਕੀਆਂ ਵਿਚ ਇਕ ਉਨ੍ਹਾਂ ਦਾ ਪੁੱਤਰ ਹੈ। ਇਹ ਪਤਾ ਲੱਗਣ ‘ਤੇ ਉਸ ਨੇ ਅਜਿਹਾ ਕੰਮ ਕੀਤਾ ਹੈ, ਇਹ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਕਈ ਮਹੀਨਿਆਂ ਤੋਂ ਪਰਿਵਾਰ ਅਤੇ ਘਰ ਤੋਂ ਵੱਖ ਰਹਿੰਦਾ ਹੈ।

VIA PUNJAB