ਆਸੀਆ ਬੀਬੀ ਨੂੰ ਸ਼ਰਨ ਲਈ ਅਮਰੀਕੀ ਕਾਂਗਰਸ ’ਚ ਮਤਾ ਪੇਸ਼

ਵਾਸ਼ਿੰਗਟਨ – ਅਮਰੀਕੀ ਕਾਨੂੰਨਘਾੜੇ ਨੇ ਨੁਮਾਇੰਦਾ ਸਦਨ ਵਿੱਚ ਮਤਾ ਪੇਸ਼ ਕਰਕੇ ਪਾਕਿਸਤਾਨੀ ਔਰਤ ਆਸੀਆ ਬੀਬੀ ਨੂੰ ਮੁਲਕ ਵਿੱਚ ਸ਼ਰਨ ਦੇਣ ਦੀ ਮੰਗ ਕੀਤੀ ਹੈ। ਕਾਨੂੰਨਸਾਜ਼ ਨੇ ਦਾਅਵਾ ਕੀਤਾ ਕਿ ਈਸਾਈ ਹੋਣ ਕਰਕੇ ਇਸ ਮਹਿਲਾ ’ਤੇ ਉਥੇ ਬਹੁਤ ਜ਼ੁਲਮ ਕੀਤੇ ਗਏ ਹਨ। ਕਾਨੂੰਨਸਾਜ਼ ਕੈੱਨ ਕੈਲਵਰਟ ਨੇ ਕਿਹਾ, ‘ਪਾਕਿਸਤਾਨ ਵਿੱਚ ਆਸੀਆ ਬੀਬੀ ’ਤੇ ਅੱਤਿਆਚਾਰ ਕੀਤੇ ਗਏ, ਉਸ ਨੂੰ ਜੇਲ੍ਹੀਂ ਡੱਕਿਆ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ, ਉਹਦਾ ਕਸੂਰ ਮਹਿਜ਼ ਇੰਨਾ ਸੀ ਕਿ ਉਹ ਈਸਾਈ ਸੀ।’ ਉਂਜ ਕੈਲਵਰਟ ਨੇ ਪਾਕਿਸਤਾਨ ਦੀ ਸਿਖਰਲੀ ਅਦਾਲਤ ਵੱਲੋਂ ਬੀਬੀ ਦੀ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਉਲੱਥਣ ਤੇ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਕੈਲਵਰਟ ਨੇ ਕਿਹਾ, ‘ਪਰ ਏਸ਼ੀਆ ਲਗਾਤਾਰ ਖ਼ਤਰੇ ਵਿੱਚ ਹੈ। ਉਥੇ ਇੰਤਹਾਪਸੰਦ ਇਸਲਾਮੀ ਆਗੂਆਂ ਦਾ ਬੋਲਬਾਲਾ ਹੈ। ਇਸ ਲਈ ਕਾਂਗਰਸ ਅਤੇ ਧਾਰਮਿਕ ਅਜ਼ਾਦੀ ਦੇ ਅਲੰਬਰਦਾਰਾਂ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਉੱਠ ਖੜ੍ਹਨ ਤੇ ਉਹਦੀ ਰੱਖਿਆ ਕਰਨ।’ ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ ਦੀ ਜਾਨ ਨੂੰ ਦਰਪੇਸ਼ ਖ਼ਤਰੇ ਦੇ ਚਲਦਿਆਂ ਉਸ ਦੇ ਛੇਤੀ ਪਾਕਿਸਤਾਨ ਛੱਡ ਜਾਣ ਦੀ ਆਸ ਹੈ। ਉਹਦੀਆਂ ਧੀਆਂ ਪਹਿਲਾਂ ਹੀ ਕੈਨੇਡਾ ਤਬਦੀਲ ਹੋ ਚੁੱਕੀਆਂ ਹਨ।

VIA PUNJAB