ਇਰਾਨ ਵਲੋਂ ਅਮਰੀਕਾ ਨਾਲ ਗੱਲਬਾਤ ਕਰਨ ਤੋਂ ਇਨਕਾਰ

ਤੇਹਰਾਨ – ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਵਾਰਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਤਾਂ ਵਿੱਚ ਅਮਰੀਕਾ ਨਾਲ ਵਾਰਤਾ ਕਰਨਾ ਸੰਭਵ ਨਹੀਂ| ਪ੍ਰਾਪਤ ਜਾਣਕਾਰੀ ਮੁਤਾਬਕ ਰੂਹਾਨੀ ਨੇ ਵਿਵਾਦਮਈ ਮੁੱਦਿਆਂ ਦਾ ਹੱਲ ਕੂਟਨੀਤੀ ਨਾਲ ਕਰਨ ਦਾ ਸਮਰਥਨ ਕੀਤਾ ਹੈ ਪਰ ਉਹ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਵਾਰਤਾ ਕਰਨ ਦੇ ਵਿਰੁੱਧ ਹਨ|ਰੂਹਾਨੀ ਨੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਈਰਾਨੀ ਨਾਗਰਿਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ| ਇੱਥੇ ਦੱਸ ਦਈਏ ਕਿ ਦੋਹਾਂ ਦੇਸ਼ਾਂ ਵਿਚਾਲੇ ਇਸ ਸਮੇਂ ਕਾਫੀ ਤਣਾਅ ਦਾ ਮਾਹੌਲ ਹੈ| ਹਾਲਾਤ ਅਜਿਹੇ ਹਨ ਕਿ ਖਾੜੀ ਖੇਤਰ ਵਿਚ ਹੋ ਰਹੇ ਹਮਲਿਆਂ ਲਈ ਅਮਰੀਕਾ ਈਰਾਨ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ| ਭਾਵੇਂਕਿ ਟਰੰਪ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਸੰਭਵ ਹੈ| ਰੂਹਾਨੀ ਦਾ ਕਹਿਣਾ ਹੈ ਕਿ ਅੱਜ ਦੀ ਸਥਿਤੀ ਗੱਲਬਾਤ ਦੀ ਨਹੀਂ ਸਗੋਂ ਵਿਰੋਧ ਦੀ ਹੈ| ਕੁਝ ਦਿਨ ਪਹਿਲਾਂ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਲੜਾਈ ਚਾਹੁੰਦਾ ਹੈ ਤਾਂ ਉਸ ਦਾ ਅਧਿਕਾਰਕ ਅੰਤ ਹੋ ਜਾਵੇਗਾ| ਟਰੰਪ ਦਾ ਕਹਿਣਾ ਹੈ ਕਿ ਉਹ ਇਰਾਨ ਨਾਲ ਲੜਾਈ ਨਹੀਂ ਚਾਹੁੰਦੇ ਪਰ ਜੇਕਰ ਇਰਾਨ ਵੱਲੋਂ ਕੋਈ ਹਮਲਾ ਕੀਤਾ ਗਿਆ ਤਾਂ ਉਸ ਦਾ ਜਵਾਬ ਮਜ਼ਬੂਤੀ ਨਾਲ ਦਿੱਤਾ ਜਾਵੇਗਾ|

VIA PUNJAB