ਏਸ਼ਿਆਈ ਕੁਸ਼ਤੀਆਂ ਵਿੱਚ ਭਾਰਤ ਨੂੰ ਚਾਰ ਤਗ਼ਮੇ

ਨਵੀਂ ਦਿੱਲੀ – ਵਿਸ਼ਾਲ ਕਾਲੀਕਰਮਨ, ਸਚਿਨ ਗਿਰੀ ਅਤੇ ਨਵੀਨ ਜੂਨੀਅਰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪੋ-ਆਪਣੇ ਮੁਕਾਬਲੇ ਹਾਰ ਗਏ, ਜਿਸ ਕਾਰਨ ਉਨ੍ਹਾਂ ਨੂੰ ਚਾਂਦੀ ਦੇ ਤਗ਼ਮਿਆਂ ਨਾਲ ਸਬਰ ਕਰਨਾ ਪਿਆ। ਫਰੀਸਟਾਈਲ ਬਾਊਟ ਦੇ ਸ਼ੁਰੂਆਤੀ ਦਿਨ ਪੰਜ ਵਿੱਚੋਂ ਚਾਰ ਭਾਰਤੀ ਪਹਿਲਵਾਨ ਤਗ਼ਮੇ ਜਿੱਤਣ ਵਿੱਚ ਕਾਮਯਾਬ ਰਹੇ। ਕਰਨ ਨੇ 65 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਅੱਜ ਅਖਾੜੇ ਵਿੱਚ ਉਤਰਿਆ ਪੰਜਵਾਂ ਭਾਰਤੀ ਹੁਸੈਨ ਨਾਸਿਰ ਤਗ਼ਮੇ ਦੀ ਦੌੜ ਤੱਕ ਨਹੀਂ ਪਹੁੰਚ ਸਕਿਆ। ਨਵੀਨ (57 ਕਿਲੋ) ਅਤੇ ਵਿਸ਼ਾਲ (70 ਕਿਲੋ) ਦੇ ਸੋਨ ਤਗ਼ਮੇ ਮੁਕਾਬਲੇ ਵਿੱਚ ਹਾਰਨ ਮਗਰੋਂ ਭਾਰਤ ਨੂੰ ਸਚਿਨ ਤੋਂ ਉਮੀਦਾਂ ਸਨ, ਪਰ ਉਹ ਸਿਰਫ਼ ਇੱਕ ਮਿੰਟ 12 ਸੈਕਿੰਡ ਵਿੱਚ ਹੀ ਚਿੱਤ ਹੋ ਗਿਆ। ਇਰਾਨ ਦੇ ਸੱਜ਼ਾਦ ਸਬੇਰਾਲੀ ਘੋਲਾਮੀ ਨੇ ਉਸ ਨੂੰ ਮਾਤ ਦਿੱਤੀ। ਇਸ ਤੋਂ ਪਹਿਲਾਂ ਨਵੀਨ ਉਜ਼ਬੇਕਿਸਤਾਨ ਦੇ ਗੁਲੋਮਜ਼ੋਨ ਅਬਦੁੱਲੇਵ ਦੀ ਚੁਣੌਤੀ ਪਾਰ ਨਹੀਂ ਕਰ ਸਕਿਆ। ਵਿਸ਼ਾਲ ਨੇ ਇਰਾਨ ਦੇ ਅਮਿਰੋਸਸੇਨ ਮੋਰਟੇਜ਼ਾ ਘੋਲੀਓ ਕੁਵੈਸ਼ੀ ਖ਼ਿਲਾਫ਼ ਮਜ਼ਬੂਤ ਸ਼ੁਰੂਆਤ ਕਰਦਿਆਂ 4-0 ਦੀ ਲੀਡ ਕਾਇਮ ਕਰ ਲਈ, ਪਰ ਇਰਾਨੀ ਖਿਡਾਰੀ ਨੇ ਮਜ਼ਬੂਤ ਕੱਦ-ਕਾਠ ਦਾ ਫ਼ਾਇਦਾ ਉਠਾਉਂਦਿਆਂ ਵਿਸ਼ਾਲ ਨੂੰ 7-5 ਨਾਲ ਹਰਾ ਦਿੱਤਾ।

VIA PUNJAB