ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-1 ਗੋਲਾਂ ਨਾਲ ਹਰਾਇਆ

ਬੰਗਲੌਰ – ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੂਜੇ ਮੈਚ ਵਿੱਚ 3-1 ਗੋਲਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤ ਨੇ ਪਹਿਲੇ ਹੀ ਕੁਆਰਟਰ ਵਿੱਚ ਹਮਲਾਵਰ ਖੇਡ ਵਿਖਾਈ। ਸਟਰਾਈਕਰ ਐਸਵੀ ਸੁਨੀਲ ਨੇ ਪਹਿਲੇ ਮਿੰਟ ਵਿੱਚ ਹੀ ਗੋਲ ਕਰਨ ਦਾ ਯਤਨ ਕੀਤਾ, ਪਰ ਨਿਊਜ਼ੀਲੈਂਡ ਦੇ ਗੋਲਕੀਪਰ ਰਿਚਰਡ ਜਾਇਸ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਪਰ ਉਹ ਇਸ ਦਾ ਲਾਹਾ ਨਹੀਂ ਲੈ ਸਕਿਆ। ਦੂਜੇ ਕੁਆਰਟਰ ਵਿੱਚ ਭਾਰਤ ਨੂੰ 18ਵੇਂ ਮਿੰਟ ਵਿੱਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਅਤੇ ਤੀਜੇ ’ਤੇ ਰੁਪਿੰਦਰਪਾਲ ਸਿੰਘ ਨੇ ਗੋਲ ਦਾਗ਼ਿਆ। ਇਸ ਤੋਂ ਇੱਕ ਮਿੰਟ ਮਗਰੋਂ ਸੁਨੀਲ ਨੇ ਇੱਕ ਹੋਰ ਪੈਨਲਟੀ ਕਾਰਨਰ ਬਣਾਇਆ, ਪਰ ਉਹ ਗੋਲ ਤੋਂ ਖੁੰਝ ਗਿਆ। ਨਿਊਜ਼ੀਲੈਂਡ ਲਈ 24ਵੇਂ ਮਿੰਟ ਵਿੱਚ ਸਟੀਫਨ ਜੇਨੇਸ ਨੇ ਪੀਆਰ ਸ੍ਰੀਜੇਸ਼ ਨੂੰ ਚਕਮਾ ਦਿੰਦਿਆਂ ਬਰਾਬਰੀ ਦਾ ਗੋਲ ਦਾਗ਼ਿਆ। ਭਾਰਤ ਨੇ ਤਿੰਨ ਮਿੰਟ ਮਗਰੋਂ ਵਾਪਸੀ ਕੀਤੀ, ਜਦੋਂ ਸੁਨੀਲ ਨੇ ਸਿਮਰਨਜੀਤ ਸਿੰਘ ਦੀ ਸਹਾਇਤਾ ਨਾਲ ਦੂਜਾ ਗੋਲ ਕੀਤਾ। ਭਾਰਤ ਨੇ ਦੂਜੇ ਕੁਆਰਟਰ ਦੇ ਅਖ਼ੀਰ ਤੱਕ 2-1 ਨਾਲ ਲੀਡ ਬਣਾ ਲਈ ਸੀ। ਤੀਜੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਭਾਰਤ ਨੇ ਆਖ਼ਰੀ ਕੁਆਰਟਰ ਵਿੱਚ ਤੀਜਾ ਗੋਲ ਕੀਤਾ, ਜਦੋਂ ਸੁਨੀਲ ਦੇ ਪਾਸ ਨੂੰ ਮਨਦੀਪ ਨੇ 56ਵੇਂ ਮਿੰਟ ਵਿੱਚ ਗੇਂਦ ਨੂੰ ਗੋਲ ਪੋਸਟ ਵਿੱਚ ਭੇਜਿਆ।

VIA PUNJAB