ਏਸ਼ਿਆਈ ਪੈਰਾ ਖੇਡਾਂ ’ਚ ਹਰਵਿੰਦਰ ਨੇ ਫੁੰਡਿਆ ਸੋਨਾ

ਜਕਾਰਤਾ – ਹਰਵਿੰਦਰ ਸਿੰਘ ਨੇ ਅੱਜ ਇੱਥੇ ਪੁਰਸ਼ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਸਿਖਰ ’ਤੇ ਰਹਿ ਕੇ ਏਸ਼ਿਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਝੋਲੀ ਪਲੇਠਾ ਸੋਨ ਤਗਮਾ ਪਾਇਆ। ਉਂਜ ਖੇਡਾਂ ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ ਨੇ ਚਾਰ ਚਾਂਦੀ ਤੇ ਚਾਰ ਹੀ ਕਾਂਸੇ ਦੇ ਤਗ਼ਮੇ ਜਿੱਤੇ। ਭਾਰਤ ਸੱਤ ਸੋਨ, 13 ਚਾਂਦੀ ਤੇ 17 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 37 ਤਗ਼ਮੇ ਲੈ ਕੇ ਇਕ ਸਥਾਨ ਦੇ ਨੁਕਸਾਨ ਨਾਲ ਨੌਵੇਂ ਸਥਾਨ ’ਤੇ ਪੁੱਜ ਗਿਆ ਹੈ। ਸੋਨ ਤਗ਼ਮਿਆਂ ਦੇ ਸੈਂਕੜੇ ਨਾਲ ਚੀਨ ਤਗ਼ਮਾ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। ਤੀਰਅੰਦਾਜ਼ ਹਰਵਿੰਦਰ ਨੇ ਡਬਲਿਊ2/ਐਸਟੀ ਵਰਗ ਦੇ ਫਾਈਨਲ ਵਿੱਚ ਚੀਨ ਦੇ ਝਾਓ ਲਿਸ਼ਯੂ ਨੂੰ 6-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰਦਿਆਂ ਭਾਰਤ ਦੇ ਸੋਨ ਤਗ਼ਮਿਆਂ ਦੀ ਗਿਣਤੀ ਸੱਤ ਕਰ ਦਿੱਤੀ। ਡਬਲਿਊ 2 ਵਰਗ ਵਿੱਚ ਅਜਿਹੇ ਖਿਡਾਰੀ ਸ਼ਾਮਲ ਹੁੰਦੇ ਹਨ, ਜੋ ਗੋਢੇ ਦੇ ਹੇਠਾਂ ਦੋਵਾਂ ਪੈਰ ਕੱਟੇ ਹੋਣ ਕਰਕੇ ਖੜ੍ਹੇ ਨਹੀਂ ਹੋ ਸਕਦੇ ਤੇ ਉਨ੍ਹਾਂ ਨੂੰ ਵ੍ਹੀਲਚੇਅਰ ਦੀ ਲੋੜ ਪੈਂਦੀ ਹੈ। ਐਸਟੀ ਵਰਗ ਦੇ ਤੀਰਅੰਦਾਜ਼ ਆਰਜ਼ੀ ਦਿਵਿਆਂਗ (ਵੇਖਣ ਵਿੱਚ ਅਸਮਰੱਥ) ਹੁੰਦੇ ਹਨ ਤੇ ਉਹ ਵ੍ਹੀਲਚੇਅਰ ਤੋਂ ਬਿਨਾਂ ਵੀ ਨਿਸ਼ਾਨਾ ਲਾ ਸਕਦੇ ਹਨ। ਪੈਰਾ ਅਥਲੈਟਿਕਸ, ਸ਼ਤਰੰਜ ਤੇ ਟੇਬਲ ਟੈਨਿਸ ਵਿੱਚ ਭਾਰਤ ਨੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਡਿਸਕਸ ਥ੍ਰੋਅਰ ਮੋਨੂ ਘਣਗਸ ਨੇ ਐਫ਼ 11 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਘਣਗਸ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 35.89 ਮੀਟਰ ਦੀ ਦੂਰੀ ’ਤੇ ਡਿਸਕਸ ਸੁੱਟ ਕੇ ਚਾਂਦੀ ਦਾ ਤਗ਼ਮਾ ਗ਼ਲ ਪਾਇਆ। ਵਿਜੈ ਕੁਮਾਰ ਨੇ ਪੁਰਸ਼ਾਂ ਦੀ ਲੰਮੀ ਛਾਲ ਵਿੱਚ ਟੀ42/ਟੀ61/ਟੀ63 ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ। ਮੁਹੰਮਦ ਯਾਸਿਰ ਨੇ ਡਿਸਕਸ ਥ੍ਰੋਅ ਦੇ ਐਫ46 ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਚੀਨ ਦੇ ਵੇਈ ਅਨਲੌਂਗ (15.67 ਮੀਟਰ) ਨੇ ਖੇਡਾਂ ਦੇ ਨਵੇਂ ਰਿਕਾਰਡ ਨਾਲ ਸੋਨ ਜਦੋਂਕਿ ਕਜ਼ਾਖ਼ਿਸਤਾਨ ਦੇ ਮਾਨਸੁਰਬਾਯੇਵ ਰਾਵਿਲ (14.66 ਮੀਟਰ) ਨੇ ਹਿੱਸੇ ਚਾਂਦੀ ਆਈ।

VIA PUNJAB