ਕਪਿਲ ਦੀ ਅਗਵਾਈ ਵਾਲਾ ਪੈਨਲ ਕਰ ਸਕਦਾ ਹੈ ਕੋਚ ਦੀ ਚੋਣ

ਵਿਸ਼ਵ ਕੱਪ ਜੇਤੂ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਐਡਹਾਕ ਕਮੇਟੀ ਕੌਮੀ ਟੀਮ ਦੇ ਅਗਲੇ ਕੋਚ ਦੀ ਚੋਣ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ, ਪਰ ਪੈਨਲ ਦੇ ਗਠਨ ਸਬੰਧੀ ਆਖ਼ਰੀ ਫ਼ੈਸਲਾ ਸੁਪਰੀਮ ਕੋਰਟ ਦੀ ਸੁਣਵਾਈ ਉੱਤੇ ਮੁਨੱਸਰ ਕਰਦਾ ਹੈ। ਕੋਚ ਦੇ ਅਹੁਦੇ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 30 ਜੁਲਾਈ ਹੈ। ਭਾਰਤੀ ਕ੍ਰਿਕਟ ਬੋਰਡ ਦਾ ਕੰਮ-ਕਾਜ ਵੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅਦਾਲਤ ਨੂੰ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ ਬਰਕਰਾਰ ਰੱਖਣ ਸਬੰਧੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।ਇਸ ਕਮੇਟੀ ਵਿੱਚ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ। ਜੇਕਰ ਸੀਏਸੀ ਨੂੰ ਅਦਾਲਤ ਤੋਂ ਕੋਈ ਨਿਰਦੇਸ਼ ਨਹੀਂ ਮਿਲਦਾ ਤਾਂ ਪ੍ਰਸ਼ਾਸਕੀ ਕਮੇਟੀ ਕੋਲ ਕੌਮੀ ਕੋਚ ਦੀ ਚੋਣ ਦਾ ਜ਼ਿੰਮਾ ਕਪਿਲ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪਣ ਤੋਂ ਇਲਾਵਾ ਕੋਈ ਬਦਲ ਨਹੀਂ ਰਹੇਗਾ।ਇਸ ਫ਼ੈਸਲੇ ਨਾਲ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਵਿਚਕਾਰ ਮਤਭੇਦ ਪੈਦਾ ਹੋ ਸਕਦੇ ਹਨ। ਇਹ ਗੱਲ ਸਪਸ਼ਟ ਹੈ ਕਿ ਅਗਲੀ ਸੁਣਵਾਈ ਤੱਕ ਕਿਸੇ ਪੈਨਲ ਦਾ ਗਠਨ ਨਹੀਂ ਕੀਤਾ ਜਾਵੇਗਾ। ਐਡਹਾਕ ਕਮੇਟੀ ਵਿੱਚ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ, ਅੰਸ਼ੂਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਦਸੰਬਰ ਵਿੱਚ ਡਬਲਯੂਵੀ ਰਮਨ ਨੂੰ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਸੀ।ਇਸ ਤੋਂ ਪਹਿਲਾਂ ਇੱਕ ਮੈਂਬਰ ਨੇ ਇਸ ਖ਼ਬਰ ਏਜੰਸੀ ਕੋਲ ਪੁਸ਼ਟੀ ਕੀਤੀ ਕਿ ਬੀਸੀਸੀਆਈ ਨੇ ਪੁਰਸ਼ ਟੀਮ ਦਾ ਮੁੱਖ ਕੋਚ ਚੁਣਨ ਲਈ ਵੀ ਉਸ ਨਾਲ ਸੰਪਰਕ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ ਵਿੱਚ ਦੋ ਮੈਂਬਰ ਚੇਅਰਮੈਨ ਵਿਨੋਦ ਰਾਏ ਅਤੇ ਸਾਬਕਾ ਭਾਰਤੀ ਕਪਤਾਨ ਡਾਇਨਾ ਐਡੁਲਜ਼ੀ ਸਨ। ਇਨ੍ਹਾਂ ਵਿੱਚੋਂ ਐਡੁਲਜ਼ੀ ਨੇ ਮਹਿਲਾ ਕੋਚ ਦੀ ਚੋਣ ਪ੍ਰਕਿਰਿਆ ਨੂੰ ਗ਼ੈਰ-ਸੰਵਿਧਾਨਕ ਦੱਸਿਆ ਸੀ। ਉਸ ਦਾ ਕਹਿਣਾ ਸੀ ਕਿ ਸਿਰਫ਼ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਹੀ ਕੋਚ ਦੀ ਚੋਣ ਕਰ ਸਕਦੀ ਹੈ। ਸੀਓਏ ਹੁਣ ਤਿੰਨ ਮੈਂਬਰੀ ਪੈਨਲ ਹੈ। ਫਰਵਰੀ ਵਿੱਚ ਲੈਫਟੀਨੈਂਟ ਜਨਰਲ ਰਵੀ ਥੋੜਗੇ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਕ੍ਰਿਕਟ ਸਲਾਹਕਾਰ ਕਮੇਟੀ ਦੇ ਭਵਿੱਖ ਸਬੰਧੀ ਗੰਭੀਰ ਸ਼ੰਕੇ ਹਨ, ਇਸ ਲਈ ਇਹ ਕੰਮ ਸੀਓਏ ਐਡਹਾਕ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ। ਤੇਂਦੁਲਕਰ ਨੂੰ ਜਿੱਥੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ ਹੈ, ਉਥੇ ਬੀਸੀਸੀਆਈ ਸੰਵਿਧਾਨ ਤਹਿਤ ਗਾਂਗੁਲੀ ਅਤੇ ਲਕਸ਼ਮਣ ਨੂੰ ਆਪਣੀਆਂ ਕਈ ਭੂਮਿਕਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਨੂੰ ਕਿਹਾ ਗਿਆ ਹੈ।

VIA PUNJAB