ਤੁਰਕੀ ਨੂੰ 100 ਤੋਂ ਵਧੇਰੇ ਐਫ-35 ਲੜਾਕੂ ਜਹਾਜ਼ ਨਹੀਂ ਵੇਚਾਂਗੇ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਬਨਿਟ ਦੀ ਇਕ ਬੈਠਕ ਦੌਰਾਨ ਕਿਹਾ ਕਿ ਤੁਰਕੀ ਨੇ 100 ਤੋਂ ਵਧੇਰੇ ਐਫ-35 ਲੜਾਕੂ ਜਹਾਜ਼ ਖਰੀਦਣ ਦਾ ਪ੍ਰਸਤਾਵ ਭੇਜਿਆ ਹੈ ਪਰ ਅਮਰੀਕਾ ਇਹ ਪ੍ਰਸਤਾਵ ਨਹੀਂ ਮੰਨੇਗਾ| ਟਰੰਪ ਨੇ ਕਿਹਾ ਕਿ ਰੂਸ ਤੋਂ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦਣ ਕਾਰਨ ਤੁਰਕੀ ਹੁਣ 100 ਤੋਂ ਵੱਧ ਐਫ-35 ਲੜਾਕੂ ਜਹਾਜ਼ ਨਹੀਂ ਖਰੀਦ ਸਕੇਗਾ| ਅਮਰੀਕੀ ਰਾਸ਼ਟਰਪਤੀ ਨੇ ਕਿਹਾ,”ਤੁਰਕੀ ਨੇ 100 ਤੋਂ ਵਧੇਰੇ ਐਫ-35 ਲੜਾਕੂ ਜਹਾਜ਼ ਖਰੀਦਣ ਦਾ ਪ੍ਰਸਤਾਵ ਭੇਜਿਆ ਹੈ, ਉਨ੍ਹਾਂ ਦੀ ਇਸ ਤੋਂ ਵਧੇਰੇ ਜਹਾਜ਼ ਖਰੀਦਣ ਦੀ ਯੋਜਨਾ ਹੈ ਪਰ ਹੁਣ ਉਹ ਅਜਿਹਾ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਕੋਲ ਅਜਿਹੀਆਂ ਮਿ.ਜ਼ਾਇਲ ਰੱਖਿਆ ਪ੍ਰਣਾਲੀਆਂ ਹਨ ਜੋ ਰੂਸ ਵਿੱਚ ਬਣੀਆਂ ਹਨ|” ਟਰੰਪ ਦਾ ਇਹ ਫੈਸਲਾ ਭਾਰਤ ਲਈ ਵੀ ਸੰਕੇਤ ਹੋ ਸਕਦਾ ਹੈ ਕਿਉਂਕਿ ਭਾਰਤ ਨੇ ਵੀ ਅਮਰੀਕਾ ਦੀ ਸਲਾਹ ਖਿਲਾਫ ਐਸ.-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦਣ ਲਈ ਰੂਸ ਨਾਲ ਸਮਝੌਤਾ ਕੀਤਾ ਹੈ| ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦ ਅਮਰੀਕਾ ਤੁਰਕੀ ਦਾ ਬਹੁਤ ਚੰਗਾ ਦੋਸਤ ਹੁੰਦਾ ਸੀ| ਜ਼ਿਕਰਯੋਗ ਹੈ ਕਿ ਅਮਰੀਕੀ ਕਾਨੂੰਨਾਂ ਮੁਤਾਬਕ ਕੋਈ ਵੀ ਦੇਸ਼ ਜੇਕਰ ਰੂਸ ਤੋਂ ਵੱਡੀ ਰੱਖਿਆ ਪ੍ਰਣਾਲੀ ਖਰੀਦੇਗਾ ਤਾਂ ਉਸ ਤੇ ਅਮਰੀਕੀ ਰੋਕਾਂ ਲਗਾਈਆਂ ਜਾ ਸਕਦੀਆਂ ਹਨ| ਅਮਰੀਕੀ ਸੰਸਦ ਨੇ ਇਸ ਕਾਨੂੰਨ ਵਿੱਚ ਥੋੜੀ ਛੋਟ ਦਿੱਤੀ ਹੈ| ਭਾਰਤ ਵਿੱਚ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਛੋਟ ਉਨ੍ਹਾਂ ਦੇ ਦੇਸ਼ ਲਈ ਹੈ| ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਵੀ ਕਿਹਾ ਸੀ ਕਿ ਕਿਸੇ ਵੀ ਦੇਸ਼ ਲਈ ਵੱਡੀ ਛੋਟ ਨਹੀਂ ਹੈ|

VIA PUNJAB