ਕਰਤਾਰਪੁਰ ਸਰਹੱਦ ’ਤੇ ਪਾਕਿ ਨੇ ਖੋਲ੍ਹਿਆ ਇਮੀਗ੍ਰੇਸ਼ਨ ਸੈਂਟਰ

ਲਾਹੌਰ – ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਇਤਿਹਾਸਿਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਕਰਤਾਰਪੁਰ ਸਰਹੱਦ ’ਤੇ ਇੱਕ ਇਮੀਗ੍ਰੇਸ਼ਨ ਸੈਂਟਰ ਸਥਾਪਿਤ ਕੀਤਾ ਹੈ। ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਅਟਕੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜੇਗਾ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਕਰਤਾਰਪੁਰ ਵਿਖੇ ਹੀ ਬਿਤਾਏ ਸਨ। ਫੈਡਰਲ ਜਾਂਚ ਏਜੰਸੀ ਦੇ ਡਿਪਟੀ ਡਾਇਰੈਕਟਰ ਮੁਫਖਰ ਅਦੀਲ ਨੇ ਕਿਹਾ ਕਿ ਕਿਉਂਕਿ ਸਰਹੱਦ ਪਾਰ ਕਰਵਾਉਣ ਵਾਲਾ ਸਥਾਨ ਅੱਤਵਾਦੀਆਂ, ਮਨੁੱਖੀ ਤਸਕਰਾਂ ਅਤੇ ਨਸ਼ੀਲੇ ਪਦਾਰਥ ਵਿਕਰੇਤਾਵਾਂ ਲਈ ਇੱਕ ਸੌਖਾ ਨਿਸ਼ਨਾ ਬਣ ਸਕਦਾ ਹੈ, ਇਸ ਲਈ ਸਰਹੱਦ ਦੇ ਦੋਵਾਂ ਪਾਸਿਉਂ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਮਜ਼ਬੂਤ ਪ੍ਰਣਾਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਨਾਰੋਵਾਲ, ਕਰਤਾਰਪੁਰ ਸਰਹੱਦ ’ਤੇ ਇੱਕ ਇਮੀਗ੍ਰੇਸ਼ਨ ਦਫ਼ਤਰ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਫ.ਆਈ.ਏ. ਅਧਿਕਾਰੀ ਬੋਰਡਿੰਗ ਅਧਿਕਾਰੀਆਂ ਦੀ ਭੂਮਿਕਾ ਨਿਭਾਉਣਗੇ। ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਅਤੇ ਬਾਇਓਮੈਟ੍ਰਿਕ ਤਕਨੀਕ ਰਾਹੀਂ ਉਨ੍ਹਾਂ ਦੀ ਪਛਾਣ ਕਰਨਗੇ। ਵੀਜ਼ਾ ਧਾਰਕ ਸਿੱਖ ਸ਼ਰਧਾਲੂਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਪਰਮਟ ਧਾਰਕਾਂ ਨੂੰ ਸਿਰਫ ਗੁਰਦੁਆਰਾ ਸਾਹਿਬ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਾਂਘੇ ਦੇ 6 ਮਹੀਨਿਆਂ ਅੰਦਰ ਪੂਰਾ ਹੋਣ ਦੀ ਉਮੀਦ ਹੈ।

VIA PUNJAB