ਕੈਲੀਫੋਰਨੀਆ ‘ਚ ਬੰਦੂਕਧਾਰੀ ਨੇ ਪਤਨੀ ਸਮੇਤ 5 ਲੋਕਾਂ ਨੂੰ ਮਾਰੀ ਗੋਲੀ, ਬਾਅਦ ‘ਚ ਕੀਤੀ ਖੁਦਕੁਸ਼ੀ

ਬੇਕਰਸਫੀਲਡ – ਅਮਰੀਕਾ ਵਿਚ ਦੱਖਣੀ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਕਰ ਲਈ। ਕੇਰਨ ਕਾਊਂਟੀ ਦੇ ਪੁਲਸ ਕਰਮਚਾਰੀ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਨੇ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਇਕ ਕੰਪਨੀ ਵਿਚ ਆਪਣੀ ਪਤਨੀ ਅਤੇ ਇਕ ਵਿਅਕਤੀ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਕੰਪਨੀ ਦੇ ਦੂਜੇ ਵਿਅਕਤੀ ਦਾ ਪਿਛਾ ਕੀਤਾ ਅਤੇ ਉਸ ਨੂੰ ਨੇੜੇ ਦੇ ਸਪੋਟਰਸ ਸਟੋਰ ਦੇ ਸਾਹਮਣੇ ਮਾਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਬੰਦੂਕਧਾਰੀ ਨੇ ਇਕ ਘਰ ਵਿਚ 2 ਵਿਅਕਤੀਆਂ ਨੂੰ ਮਾਰ ਦਿੱਤਾ। ਪੁਲਸ ਕਰਮਚਾਰੀ ਨੇ ਕਿਹਾ ਕਿ ਇਕ ਔਰਤ ਅਤੇ ਬੱਚੇ ਤੋਂ ਵਾਹਨ ਖੋਹਣ ਤੋਂ ਬਾਅਦ ਜਦੋਂ ਉਸ ਦਾ ਸਾਹਮਣਾ ਪੁਲਸ ਨਾਲ ਹੋਇਆ ਤਾਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਦੱਸਿਆ ਕਿ 10 ਤੋਂ 15 ਮਿੰਟ ਦਰਮਿਆਨ ਹੋਏ ਇਸ ਘਟਨਾਕ੍ਰਮ ਵਿਚ 6 ਲੋਕਾਂ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ। ਪੁਲਸ ਕਰਮਚਾਰੀ ਨੇ ਦੱਸਿਆ ਕਿ ਅਧਿਕਾਰੀ ਪਤਾ ਲਾ ਰਹੇ ਹਨ ਕਿ ਇਹ ਘਟਨਾ ਸ਼ੁਰੂ ਕਿਉਂ ਹੋਈ ਅਤੇ ਇੰਨੇ ਲੋਕਾਂ ਨੂੰ ਮਾਰਨ ਦੇ ਪਿੱਛੇ ਹਮਲਾਵਰ ਦਾ ਮਕਸਦ ਕੀ ਸੀ। ਬੰਦੂਕਧਾਰੀ ਨੇ ਜਿਸ ਔਰਤ ਅਤੇ ਬੱਚੇ ਤੋਂ ਵਾਹਨ ਖੋਹਿਆ ਸੀ ਉਹ ਅਤੇ ਉਸ ਦਾ ਬੱਚਾ ਸੁਰੱਖਿਅਤ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਬੰਦੂਕ ਬਰਾਮਦ ਕਰ ਲਈ ਹੈ ਅਤੇ 30 ਚਸ਼ਮਦੀਦਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

VIA PUNJAB