ਕੈਲੀਫੋਰਨੀਆ : ਜੰਗਲੀ ਅੱਗ ਨੇ ਲਈ 83 ਲੋਕਾਂ ਦੀ ਜਾਨ

ਕੈਲੀਫੋਰਨੀਆ – ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ‘ਚੋਂ 2 ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 83 ਹੋ ਗਈ ਹੈ। ਬੁੱਟੇ ਕਾਊਂਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਦੱਸਿਆ ਕਿ 563 ਲੋਕਾਂ ਦੇ ਨਾਂ ਅਜੇ ਵੀ ਲਾਪਤਾ ਸੂਚੀ ‘ਚ ਦਰਜ ਹਨ। ਹਾਲਾਂਕਿ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ ਇਸ ਸੂਚੀ ‘ਚ ਦਰਜ 307 ਲੋਕਾਂ ਦਾ ਪਤਾ ਲਗਾ ਲਿਆ ਹੈ। ਪਿਛਲੇ ਦੋ ਹਫਤਿਆਂ ਤੋਂ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਬੇ ਦੇ ਇਤਿਹਾਸ ਦੀ ਇਹ ਹੁਣ ਤਕ ਦੀ ਸਭ ਤੋਂ ਭਿਆਨਕ ਅੱਗ ਦੱਸੀ ਜਾ ਰਹੀ ਹੈ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ 18,000 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਕੈਲੀਫੋਰਨੀਆ ਦੇ ਉੱਤਰੀ ਖੇਤਰ ‘ਚ ਦੋ ਹਫਤਿਆਂ ਤੋਂ ਅੱਗ ਲੱਗੀ ਹੋਈ ਹੈ। ਉੱਤਰੀ ਇਲਾਕਿਆਂ ‘ਚ 1,52,000 ਏਕੜ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ। ਪਿਛਲੇ 8 ਨਵੰਬਰ ਨੂੰ ਸਭ ਤੋਂ ਪਹਿਲਾਂ ਕੈਲੀਫੋਰਨੀਆ ‘ਚ ਅੱਗ ਲੱਗ ਗਈ ਸੀ, ਉੱਥੇ ਹੀ ਦੱਖਣੀ ਕੈਲੀਫੋਰਨੀਆ ਦੇ ਮਾਲਿਬੂ ਸੂਬਾ ਵੀ ਭਿਆਨਕ ਅੱਗ ਦੀ ਲਪੇਟ ‘ਚ ਆ ਗਿਆ ਜਿੱਥੇ 3 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਮੀਂਹ ਰਾਹੀਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤੇਜ਼ ਹਵਾਵਾਂ ਅਤੇ ਧੂੰਏਂ ਕਾਰਨ ਹਰ ਕੋਸ਼ਿਸ਼ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ। ਰਿਪੋਰਟ ਮੁਤਾਬਕ, ਇਸ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ। ਫਿਲਹਾਲ ਹਜ਼ਾਰਾਂ ਲੋਕਾਂ ਨੇ ਰਾਹਤ ਕੈਂਪਾਂ ‘ਚ ਸ਼ਰਣ ਲਈ ਹੋਈ ਹੈ। ਅਧਿਕਾਰੀਆਂ ਮੁਤਾਬਕ ਕਿ ਅੱਗ ‘ਤੇ ਕਾਬੂ ਪਾਉਣ ਲਈ ਅਜੇ ਇਕ ਹਫਤੇ ਦਾ ਸਮਾਂ ਲੱਗ ਸਕਦਾ ਹੈ।

VIA PUNJAB