ਕੋਰੀਆ ਓਪਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਨੇਹਵਾਲ ਤੇ ਸਮੀਰ

ਸੋਲ – ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਛੇ ਲੱਖ ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਜਾਪਾਨ ਓਪਨ ਤੋਂ ਬਾਹਰ ਰਹੀ ਸਾਇਨਾ ਪਿਛਲੇ ਹਫ਼ਤੇ ਚਾਈਨਾ ਓਪਨ ਦੇ ਪਹਿਲੇ ਗੇੜ ਵਿੱਚੋਂ ਬਾਹਰ ਹੋ ਗਈ ਸੀ। ਪਿਛਲੀ ਹਾਰ ਨੂੰ ਭੁਲਾ ਕੇ ਹੁਣ ਉਹ ਪਹਿਲੇ ਗੇੜ ਵਿੱਚ ਕੋਰੀਆ ਦੀ ਕਿਮ ਹੂਯੋ ਮਿਨ ਨਾਲ ਭਿੜੇਗੀ। ਦੁਨੀਆਂ ਦੀ ਦਸਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ਇਸ ਸਾਲ ਵੱਡੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੌਰਾਨ ਆਪਣਾ ਦੂਜਾ ਸੋਨ ਤਗ਼ਮਾ ਜਿੱਤਣ ਮਗਰੋਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਬੀਡਬਲਯੂਐਫ ਟੂਰਨਾਮੈਂਟਾਂ ਵਿੱਚ ਹਾਲਾਂਕਿ ਸਾਇਨਾ ਦੇ ਪ੍ਰਦਰਸ਼ਨਾਂ ਵਿੱਚ ਲਗਾਤਾਰਤਾ ਦੀ ਘਾਟ ਰਹੀ ਹੈ। ਇਸ ਟੂਰਨਾਮੈਂਟ ਦੌਰਾਨ ਸਾਇਨਾ ਦੀ ਰਾਹ ਸੌਖੀ ਨਹੀਂ ਹੋਵੇਗੀ ਅਤੇ ਕੁਆਰਟਰ ਫਾਈਨਲ ਵਿੱਚ ਉਸ ਦੀ ਟੱਕਰ ਤੀਜਾ ਦਰਜਾ ਪ੍ਰਾਪਤ ਜਪਾਨ ਦੀ ਨੋਜ਼ੋਮੀ ਓਕੂਹਾਰਾ ਨਾਲ ਹੋ ਸਕਦੀ ਹੈ। ਜਪਾਨ ਅਤੇ ਚੀਨ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਲਗਾਤਾਰ ਦੋ ਟੂਰਨਾਮੈਂਟ ਵਿੱਚ ਖੇਡਣ ਮਗਰੋਂ ਕਿਦੰਬੀ ਸ੍ਰੀਕਾਂਤ ਕੋਰੀਆ ਓਪਨ ਤੋਂ ਹਟ ਗਿਆ ਹੈ, ਜਿਸ ਕਾਰਨ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੀ ਅਗਵਾਈ ਸਮੀਰ ਵਰਮਾ ਹੱਥ ਹੋਵੇਗੀ।

VIA PUNJAB