ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਦੁਬਈ – ਭਾਰਤ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਕੋਲ ਅਫ਼ਗਾਨਿਸਤਾਨ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਅੰਤਿਮ ਸੁਪਰ-4 ਮੁਕਾਬਲੇ ਵਿੱਚ ਆਪਣੇ ਮੱਧਕ੍ਰਮ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ਵਿੱਚ ਹਾਂਗਕਾਂਗ ਨੂੰ 26 ਦੌੜਾਂ ਨਾਲ ਅਤੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦਕਿ ਸੁਪਰ-4 ਵਿੱਚ ਉਸ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਅਤੇ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਮਾਤ ਦਿੱਤੀ ਸੀ। ਦੂਜੇ ਪਾਸੇ, ਅਫ਼ਗਾਨਿਸਤਾਨ ਨੇ ਗਰੁੱਪ ਮੈਚਾਂ ਵਿੱਚ ਬੰਗਲਾਦੇਸ਼ ਅਤੇ ਸ੍ਰੀਲੰਕਾ ਖ਼ਿਲਾਫ਼ ਉਲਟਫੇਰ ਕਰਕੇ ਜੋ ਉਮੀਦਾਂ ਜਗਾਈਆਂ ਸਨ, ਉਹ ਸੁਪਰ-4 ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਮਿਲੀ ਹਾਰ ਕਾਰਨ ਦਮ ਤੋੜ ਗਈਆਂ। ਅਫ਼ਗਾਨਿਸਤਾਨ ਨੇ ਹੁਣ ਇਹ ਮੈਚ ਆਪਣੀ ਇੱਜ਼ਤ ਬਚਾਉਣ ਲਈ ਖੇਡਣਾ ਹੈ ਅਤੇ ਭਾਰਤ ਨੂੰ ਸਖ਼ਤ ਚੁਣੌਤੀ ਦੇਣੀ ਹੈ। ਦੂਜੇ ਪਾਸੇ, ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਚਾਹੇਗਾ ਕਿ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਰਾਸ਼ਿਦ ਖ਼ਾਨ ਵਰਗੇ ਗੇਂਦਬਾਜ਼ਾਂ ਸਾਹਮਣੇ ਕ੍ਰੀਜ਼ ’ਤੇ ਟਿਕਣ ਦਾ ਲੋੜੀਂਦਾ ਸਮਾਂ ਮਿਲੇ। 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਆਖ਼ਰੀ ਸੁਪਰ-4 ਦੇ ਮੈਚ ਜੇਤੂ ਨਾਲ ਹੋੋਣਾ ਹੈ। ਉਸ ਤੋਂ ਪਹਿਲਾਂ ਭਾਰਤ ਕੋਲ ਆਪਣੇ ਮੱਧ ਕ੍ਰਮ ਨੂੰ ਅਜ਼ਮਾਉਣ ਅਤੇ ਫਾਈਨਲ ਲਈ ਕੁੱਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਰਹੇਗਾ। ਸ਼ਿਖਰ ਧਵਨ (327) ਅਤੇ ਰੋਹਿਤ ਸ਼ਰਮਾ (269) ਨੇ ਹੁਣ ਤੱਕ ਚਾਰ ਮੈਚਾਂ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਜਦੋਂਕਿ ਹੋਰ ਬੱਲੇਬਾਜ਼ਾਂ ਨੇ ਖ਼ਾਸ ਯੋਗਦਾਨ ਨਹੀਂ ਪਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਅੰਬਾਤੀ ਰਾਇਡੂ ਨੇ 116 ਦੌੜਾਂ ਬਣਾਈਆਂ, ਕਿਉਂਕਿ ਉਹ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਆਉਂਦਾ ਹੈ। ਭਾਰਤ ਦੀ ਸਮੱਸਿਆ ਇਹ ਹੈ ਕਿ ਅਜੇ ਤੱਕ ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ ਅਤੇ ਦਿਨੇਸ਼ ਕਾਰਤਿਕ ਵਰਗੇ ਬੱਲੇਬਾਜ਼ਾਂ ਨੂੰ ਹੁਣ ਤੱਕ ਕ੍ਰੀਜ਼ ’ਤੇ ਡੱਟਣ ਦਾ ਮੌਕਾ ਨਹੀਂ ਮਿਲਿਆ। ਜੇਕਰ ਸੀਨੀਅਰ ਕ੍ਰਮ ਫੇਲ੍ਹ ਹੋ ਜਾਂਦਾ ਹੈ ਤਾਂ ਇਨ੍ਹਾਂ ਤਿੰਨਾਂ ਨੂੰ ਅਹਿਮ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਮਨੀਸ਼ ਪਾਂਡੇ ਅਤੇ ਲੋਕੇਸ਼ ਰਾਹੁਲ ਵੀ ਬੱਲੇਬਾਜ਼ੀ ਲਈ ਮੌਕਾ ਪਾਉਣ ਵਾਲਿਆਂ ਦੀ ਲਾਈਨ ਵਿੱਚ ਹਨ। ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਅਤੇ ਪਾਕਿਸਤਾਨ ਖ਼ਿਲਾਫ਼ ਤੇਜ਼ ਸੈਂਕੜਾ ਮਾਰਨ ਵਾਲੇ ‘ਮੈਨ ਆਫ ਦਿ ਮੈਚ’ ਬਣੇ ਸ਼ਿਖਰ ਧਵਨ ਨੂੰ ਆਰਾਮ ਦਿੱਤਾ ਜਾ ਸਕਦਾ ਹੈ।

VIA PUNJAB