ਕੰਮਕਾਰ ਠੱਪ ਹੋਣ ਲਈ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਟਰੰਪ

ਵਾਸ਼ਿੰਗਟਨ – ਹਫ਼ਤੇ ਭਰ ਤੋਂ ਅੰਸ਼ਕ ਤੌਰ ’ਤੇ ਠੱਪ ਪਏ ਸਰਕਾਰੀ ਕੰਮਕਾਰ ਨੂੰ ਮੁੜ ਤੋਂ ਪੱਟੜੀ ’ਤੇ ਲਿਆਉਣ ਲਈ ਹੋ ਰਹੀ ਗੱਲਬਾਤ ’ਚ ਅੜਿੱਕਾ ਬਰਕਰਾਰ ਰਹਿਣ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕਰ ਰਹੇ ਹਨ। ਟਰੰਪ ਕ੍ਰਿਸਮਸ ਦੌਰਾਨ ਫਲੋਰਿਡਾ ਦੇ ਕਲੱਬ ’ਚ ਛੁੱਟੀਆਂ ਮਨਾਉਣ ਦੀ ਥਾਂ ਇਸ ਠੱਪ ਪਏ ਕੰਮਕਾਰ ਕਾਰਨ ਵ੍ਹਾਈਟ ਹਾਊਸ ’ਚ ਫਸੇ ਹੋਏ ਹਨ। ਸੰਘੀ ਸੇਵਾਵਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਨ ਨਾ ਮਿਲਣ ਦੀ ਸਮੱਸਿਆ ਨਵੇਂ ਸਾਲ ’ਚ ਵੀ ਜਾਰੀ ਰਹਿਣ ਦਾ ਖਦਸ਼ਾ ਹੈ। ਦੋਵਾਂ ਧਿਰਾਂ ਵਿਚਾਲੇ ਹੋ ਰਹੀ ਦੂਸ਼ਣਬਾਜ਼ੀ ਦੌਰਾਨ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਟਰੰਪ ਨੇ ਸੰਘੀ ਖਜ਼ਾਨੇ ’ਚੋਂ ਅਰਬਾਂ ਡਾਲਰ ਅਮਰੀਕਾ-ਮੈਕਸਿਕੋ ਵਿਚਾਲੇ ਕੰਧ ਬਣਾਉਣ ਲਈ ਮੰਗੀ ਹੈ। ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਖਜ਼ਾਨੇ ਦੀ ਵਰਤੋਂ ਇਹ ਕੰਧ ਬਣਾਉਣ ਲਈ ਨਹੀਂ ਕਰਨ ਦੇਣਗੇ। ਟਰੰਪ ਨੇ ਸ਼ਨਿਚਰਵਾਰ ਨੂੰ ਟਵੀਟ ਕੀਤਾ ਕਿ ਉਹ ਵ੍ਹਾਈਟ ਹਾਊਸ ’ਚ ਡੈਮੋਕਰੈਟਾਂ ਦੀ ਉਡੀਕ ਕਰ ਰਹੇ ਹਨ ਕਿ ਉਹ ਆਉਣ ਤੇ ਸੀਮਾ ਸੁਰੱਖਿਆ ਬਾਰੇ ਸਮਝੌਤਾ ਕਰਨ। ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਬਹੁਤ ਘੱਟ ਹੋਈ ਹੈ। ਇੱਥੋਂ ਤੱਕ ਕਿ ਟਰੰਪ ਨੇ ਬਹੁਮਤ ਵਾਲੀ ਆਪਣੀ ਰਿਪਬਲਿਕਨ ਪਾਰਟੀ ਨੂੰ ਵੀ ਇੱਕ ਹੋਰ ਹਫ਼ਤਾ ਅਮਰੀਕੀ ਕਾਂਗਰਸ ’ਚ ਕੰਮਕਾਰ ਜਾਰੀ ਰੱਖਣ ਨੂੰ ਨਹੀਂ ਕਿਹਾ।

VIA PUNJAB