ਖਾਸ਼ੋਗੀ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਸਾਊਦੀ ਅਰਬ ਦੇ ਅਸੰਤੁਸ਼ਟ ਪੱਤਰਕਾਰ ਜਮਾਲ ਖਾਸ਼ੋਗੀ ਦੀ ਗੁੰਸ਼ੁਦਗੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਤੇ ਸਾਊਦੀ ਅਰਬ ਦੀ ਅਗਵਾਈ ਨੇ ਉਨ੍ਹਾਂ ਨੂੰ ਸਮੇਂ ‘ਤੇ ਜਾਂਚ ਦਾ ਭਰੋਸਾ ਦਿੱਤਾ ਹੈ। ਪੋਂਪੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਮੁੱਦੇ ‘ਤੇ ਜਾਣਕਾਰੀ ਦਿੱਤੀ ਤੇ ਇਸ ਹਫਤੇ ਇਸ ਸਬੰਧੀ ਸਾਊਦੀ ਅਰਬ ਤੇ ਤੁਰਕੀ ਦੇ ਨੇਤਾਵਾਂ ਨਾਲ ਕੀਤੀ ਗਈ ਗੱਲਬਾਤ ਤੋਂ ਵੀ ਜਾਣੂ ਕਰਵਾਇਆ। ਪੋਂਪੀਓ ਬੁੱਧਵਾਰ ਨੂੰ ਹੀ ਰਿਆਦ ਤੇ ਅੰਕਾਰਾ ਦੀ ਯਾਤਰਾ ਤੋਂ ਪਰਤੇ ਹਨ। ਪੋਂਪੀਓ ਨੇ ਕਿਹਾ ਕਿ ਆਪਣੀ ਯਾਤਰਾ ਦੌਰਾਨ ਸਾਊਦੀ ਅਰਬ ਤੇ ਤੁਰਕੀ, ਦੋਹਾਂ ਦੀਆਂ ਸਰਕਾਰਾਂ ਨੇ ਖਾਸ਼ੋਗੀ ਦੀ ਗੁੰਸ਼ੁਦਗੀ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾਉਣ ਦੀ ਆਪਣੀ ਵਚਨਬੱਧਤਾ ਦੋਹਰਾਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਮਰੂਤਬਾ ਨੂੰ ਦੱਸ ਦਿੱਤਾ ਹੈ ਕਿ ਅਸੀਂ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮਾਮਲੇ ਦੀ ਸਮੇਂ ਸਿਰ ਤੇ ਪੂਰੀ ਤਰ੍ਹਾਂ ਵਿਆਪਕ ਜਾਂਚ ਚਾਹੁੰਦਾ ਹੈ। ਪੋਂਪੀਓ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਹੈ ਕਿ ਅਮਰੀਕਾ ਨੂੰ ਜਾਂਚ ਕਰਵਾਉਣ ਲਈ ਸਾਊਦੀ ਅਰਬ ਨੂੰ ਕੁਝ ਦਿਨ ਦਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਸਾਡਾ ਸਾਊਦੀ ਅਰਬ ਨਾਲ ਲੰਬਾ ਰਣਨੀਤਕ ਰਿਸ਼ਤਾ ਹੈ ਤੇ ਇਸ ਪੂਰੀ ਪ੍ਰਕਿਰਿਆ ‘ਚ ਸਾਨੂੰ ਉਸ ਦਾ ਵੀ ਧਿਆਨ ਰੱਖਣ ਦੀ ਲੋੜ ਹੈ।

VIA PUNJAB