ਖੇਡ ਪਿੰਡ ’ਚ ਪੇਸ ਦੀ ਗ਼ੈਰਮੌਜੂਦਗੀ ਰੜਕੀ

ਪਾਲੇਮਬਾਂਗ – ਭਾਰਤੀ ਟੈਨਿਸ ਦਲ ਏਸ਼ਿਆਈ ਖੇਡਾਂ ਲਈ ਅੱਜ ਇਥੇ ਪੁੱਜ ਗਿਆ, ਪਰ ਟੀਮ ’ਚ ਸ਼ਾਮਲ ਸਭ ਤੋਂ ਵੱਡਾ ਨਾਂ ਲਿਏਂਡਰ ਪੇਸ ਇਸ ਦੌਰਾਨ ਟੀਮ ’ਚ ਸ਼ਾਮਲ ਨਹੀਂ ਸੀ। ਪੁਰਸ਼ ਟੀਮ ਦੇ ਕੋਚ ਤੇ ਕਪਤਾਨ ਜੀਸ਼ਾਨ ਅਲੀ ਨੂੰ ਐਤਵਾਰ ਤੋਂ ਸ਼ੁਰੂ ਹੋ ਰਹੇ ਟੈਨਿਸ ਮੁਕਾਬਲਿਆਂ ਤੋਂ ਤਿੰਨ ਦਿਨ ਪਹਿਲਾਂ ਪੇਸ ਦੀ ਆਮਦ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੀਸ਼ਾਨ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਉਸ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਿਰਫ਼ ਪੇਸ ਹੀ ਤੁਹਾਨੂੰ ਦੱਸ ਸਕਦਾ ਹੈ ਕਿ ਉਹ ਕਦੋਂ ਆ ਰਿਹਾ ਹੈ। ਪਿਛਲੀ ਵਾਰ ਜਦੋਂ ਮੇਰੀ ਉਸ ਨਾਲ ਗੱਲ ਹੋਈ ਸੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਸਿਨਸਿਨਾਟੀ ਵਿੱਚ ਖੇਡੇਗਾ ਤੇ ਫਿਰ ਪਾਲੇਮਬਾਂਗ ਆਏਗਾ। ਪਰ ਉਹ ਉਥੇ ਵੀ ਨਹੀਂ ਸੀ।’ ਇਸ ਦੌਰਾਨ ਅਜੇ ਇਹ ਵੀ ਪੱਕਾ ਨਹੀਂ ਹੈ ਕਿ 18 ਵਾਰ ਦਾ ਗਰੈਂਡ ਸਲੈਮ ਚੈਂਪੀਅਨ ਪੇਸ ਡਬਲਜ਼ ਵਿੱਚ ਕਿਸ ਨਾਲ ਜੋੜੀ ਬਣਾਏਗਾ। ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੇ ਇਕੱਠਿਆਂ ਖੇਡਣ ਦੀ ਉਮੀਦ ਹੈ ਤੇ ਅਜਿਹੇ ਮੌਕੇ ਪਿਛਲੀ ਵਾਰ 2006 ਦੀਆਂ ਏਸ਼ਿਆਈ ਖੇਡਾਂ ’ਚ ਹਾਜ਼ਰੀ ਲੁਆਉਣ ਵਾਲਾ ਪੇਸ ਗ਼ੈਰ ਤਜਰਬੇਕਾਰ ਸੁਮਿਤ ਨਾਗਲ ਜਾਂ ਸਿੰਗਲਜ਼ ਦੇ ਮਾਹਿਰ ਰਾਮਕੁਮਾਰ ਰਾਮਨਾਥਨ ਨਾਲ ਜੋੜੀ ਬਣਾ ਸਕਦਾ ਹੈ। ਸਾਲ 1994 ਵਿੱਚ ਹੀਰੋਸ਼ਿਮਾ ਵਿੱਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਹਿੱਸਾ ਬਣਨ ਵਾਲਾ ਪੇਸ, ਏਸ਼ੀਆਡ ਵਿੱਚ ਹੁਣ ਤਕ ਪੰਜ ਸੋਨ ਤਗ਼ਮੇ ਜਿੱਤ ਚੁੱਕਾ ਹੈ।

VIA PUNJAB