ਗੋਲੀਬਾਰੀ ਵਿੱਚ 12 ਦੀ ਮੌਤ, 6 ਵਿਅਕਤੀ ਦੇ ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਸ਼ਹਿਰ ਵਰਜੀਨੀਆ ਬੀਚ ਦੇ ਇਕ ਕੰਪਲੈਕਸ ਵਿੱਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ| ਇਸ ਘਟਨਾ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹੋਰ 6 ਜ਼ਖਮੀ ਹੋ ਗਏ| ਪੁਲੀਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ ਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਰਜੀਨੀਆ ਬੀਚ ਵਿੱਚ ਹੀ ਸਰਕਾਰੀ ਨੌਕਰੀ ਕਰਦਾ ਸੀ| ਉਸ ਨੇ ਨਗਰਪਾਲਿਕਾ ਕੇਂਦਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 5 ਵਜੇ ਗੋਲੀਬਾਰੀ ਕੀਤੀ| ਇਕ ਕਰਮਚਾਰੀ ਨੇ ਦੱਸਿਆ ਕਿ ਲੋਕ ਡੈਸਕ ਤੇ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਕਰਮਚਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਵਰਜੀਨੀਆ ਬੀਚ ਵਾਸ਼ਿੰਗਟਨ ਡੀ. ਸੀ. ਤੋਂ ਲਗਭਗ 4 ਘੰਟੇ ਦੀ ਦੂਰੀ ਤੇ ਵਰਜੀਨੀਆ ਸੂਬੇ ਵਿੱਚ ਅਟਲਾਂਟਿਕ ਤਟ ਤੇ 500,000 ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਹੈ| ਸੂਬੇ ਦੇ ਗਵਰਨਰ ਰਾਲਫ ਨਾਰਥਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਥਿਤੀ ਤੇ ਨਜ਼ਰ ਰੱਖ ਰਹੀ ਹੈ| ਪੁਲੀਸ ਨੇ ਘਟਨਾ ਵਾਲੇ ਸਥਾਨ ਤੋਂ ਇਕ ਆਟੋਮੈਟਿਕ ਪਿਸਤੌਲ ਅਤੇ ਇਕ ਰਾਇਫਲ ਬਰਾਮਦ ਕੀਤੀ ਹੈ| ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਹ ਲਗਾਤਾਰ ਅਧਿਕਾਰੀਆਂ ਕੋਲੋਂ ਸਥਿਤੀ ਬਾਰੇ ਪੁੱਛ ਰਹੇ ਹਨ|

VIA PUNJAB