ਚੀਨ ਵਲੋਂ ਪਾਕਿ ਨੂੰ ਦਿੱਤੇ ਗਏ ਕਰਜੇ ਵਿੱਚ ਪਾਰਦਰਸ਼ਿਤਾ ਦੀ ਲੋੜ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੇ ਗਏ ਚੀਨ ਦੇ ਕਰਜ਼ ਵਿੱਚ ਪਾਰਦਰਸ਼ਿਤਾ ਦੀ ਮੰਗ ਕੀਤੀ ਹੈ| ਪਾਕਿਸਤਾਨ ਨੇ ਅਰਬਾਂ ਡਾਲਰਾਂ ਦੀ ਆਰਥਿਕ ਮਦਦ ਹਾਸਲ ਕਰਨ ਲਈ ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐਫ.) ਨਾਲ ਸੰਪਰਕ ਕੀਤਾ ਹੈ| ਅਮਰੀਕਾ ਨੂੰ ਸ਼ੱਕ ਹੈ ਕਿ ਪਾਕਿਸਤਾਨ ਆਈ. ਐਮ. ਐਫ. ਤੋਂ ਇਹ ਮਦਦ ਚੀਨ ਦਾ ਕਰਜ਼ ਉਤਾਰਨ ਲਈ ਮੰਗ ਰਿਹਾ ਹੈ| ਕੌਮਾਂਤਰੀ ਮਾਮਲਿਆਂ ਦੇ ਡਿਪਟੀ ਵਿੱਤ ਮੰਤਰੀ ਡੇਵਿਡ ਮਾਲਪਾਸ ਨੇ ਕਾਂਗਰਸ ਨਾਲ ਜੁੜੀ ਇਕ ਕਮੇਟੀ ਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਦੱਸਿਆ,”ਕੌਮਾਂਤਰੀ ਮੁਦਰਾ ਫੰਡ ਦੀ ਟੀਮ ਹਾਲੇ ਪਾਕਿਸਤਾਨ ਤੋਂ ਪਰਤੀ ਹੈ| ਅਸੀਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਕਰਜ਼ ਵਿਚ ਪੂਰੀ ਪਾਰਦਰਸ਼ਿਤਾ ਹੋਵੇ|” ਮਾਲਪਾਸ ਨੇ ਇਹ ਜਾਣਕਾਰੀ ਸੰਸਦ ਮੈਂਬਰ ਜੈਫ ਮਰਕਲੀ ਦੇ ਸਵਾਲ ਦੇ ਜਵਾਬ ਵਿਚ ਦਿੱਤੀ| ਮਰਕਲੀ ਨੇ ਪੁੱਛਿਆ ਸੀ ਕਿ ਕੀ ਆਈ.ਐਮ.ਐਫ. ਦੇ ਫੰਡ ਦੀ ਵਰਤੋਂ ਚੀਨ ਦਾ ਕਰਜ਼ ਉਤਾਰਨ ਲਈ ਕੀਤੀ ਜਾ ਰਹੀ ਹੈ| ਮਰਕਲੀ ਦਾ ਕਹਿਣਾ ਹੈ ਕਿ ਇਕ ਚੁਣੌਤੀ ਇਹ ਹੈ ਕਿ ਪਾਕਿਸਤਾਨ ਨੇ ਜ਼ਿਆਦਾਤਰ ਮਾਮਲਿਆਂ ਵਿਚ ਆਪਣੇ ਕਰਜ਼ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਹੈ, ਜਿਸ ਵਿਚ ਵਿਆਜ਼ ਦਰ, ਉਸ ਦੀ ਮਿਆਦ ਸ਼ਾਮਿਲ ਹੈ| ਪਾਕਿਸਤਾਨ ਤੇ ਚੀਨ ਦਾ ਕਰੀਬ 62 ਅਰਬ ਡਾਲਰ ਦਾ ਕਰਜ਼ ਹੈ| ਹਾਲ ਵਿਚ ਹੀ ਉਸ ਨੇ ਆਪਣੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਕੌਮਾਂਤਰੀ ਮੁਦਰਾ ਫੰਡ ਤੋਂ 12 ਅਰਬ ਡਾਲਰ ਦੀ ਆਰਥਿਕ ਮਦਦ (ਬੇਲਆਊਟ ਪੈਕੇਜ) ਮੰਗੀ ਹੈ|

VIA PUNJAB