ਜਾਪਾਨ ਵਿੱਚ ਸਿਰਫਿਰੇ ਨੇ ਸਕੂਲੀ ਬੱਚਿਆਂ ਸਮੇਤ 20 ਤੇ ਕੀਤਾ ਚਾਕੂ ਨਾਲ ਹਮਲਾ

ਟੋਕੀਓ – ਜਾਪਾਨ ਦੀ ਰਾਜਧਾਨੀ ਟੋਕੀਓ ਦੇ ਸ਼ਹਿਰ ਕਾਵਾਸਾਕੀ ਵਿੱਚ ਇਕ ਸਿਰਫਿਰੇ ਵਿਅਕਤੀ ਨੇ ਸਕੂਲੀ ਬੱਚਿਆਂ ਸਮੇਤ 20 ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਦੀ ਮੌਤ ਹੋ ਗਈ ਤੇ ਬਾਕੀ 19 ਇਲਾਜ ਕਰਵਾ ਰਹੇ ਹਨ| ਹਾਲਾਂਕਿ ਮੀਡੀਆ ਦਾ ਕਹਿਣਾ ਹੈ ਕਿ ਜ਼ਖਮੀਆਂ ਵਿੱਚੋਂ ਇਕ ਬੱਚੇ ਤੇ ਇਕ ਬਾਲਗ ਨੇ ਦਮ ਤੋੜ ਦਿੱਤਾ ਹੈ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ| ਘਟਨਾ ਅੱਜ ਸਵੇਰੇ 7.45 ਵਜੇ ਵਾਪਰੀ|ਜ਼ਖਮੀਆਂ ਵਿੱਚ 16 ਬੱਚੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹਨ| ਅਧਿਕਾਰੀਆਂ ਨੇ ਦੱਸਿਆ ਕਿ 40-50 ਸਾਲਾ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਖੁਦ ਨੂੰ ਵੀ ਜ਼ਖਮੀ ਕੀਤਾ ਹੈ| ਪੁਲੀਸ ਮੁਤਾਬਕ ਹਮਲਾਵਰ ਨੇ ਹੋਰਾਂ ਤੇ ਹਮਲਾ ਕਰਕੇ ਆਪਣੇ ਮੋਢੇ ਅਤੇ ਗਰਦਨ ਤੇ ਚਾਕੂ ਮਾਰਿਆ ਤੇ ਬੇਹੋਸ਼ ਹੋ ਕੇ ਡਿੱਗ ਗਿਆ| ਪੁਲੀਸ ਨੇ ਘਟਨਾ ਵਾਲੇ ਸਥਾਨ ਤੋਂ ਦੋ ਚਾਕੂ ਬਰਾਮਦ ਕੀਤੇ ਹਨ| ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ|ਜ਼ਿਕਰਯੋਗ ਹੈ ਕਿ ਜਾਪਾਨ ਵਿੱਚ ਬਹੁਤ ਘੱਟ ਅਪਰਾਧਕ ਮਾਮਲੇ ਦੇਖਣ ਨੂੰ ਮਿਲਦੇ ਹਨ ਪਰ ਪਿਛਲੇ ਕੁੱਝ ਸਾਲਾਂ ਵਿੱਚ ਅਪਰਾਧਾਂ ਵਿੱਚ ਵਾਧਾ ਹੋਇਆ ਹੈ| ਇੱਥੇ ਇੰਨੀ ਵੱਡੀ ਘਟਨਾ ਵਾਪਰਨ ਕਾਰਨ ਲੋਕਾਂ ਦੇ ਦਿਲਾਂ ਵਿੱਚ ਡਰ ਬੈਠ ਗਿਆ ਹੈ| 2016 ਵਿੱਚ ਵੀ ਅਜਿਹੀ ਇਕ ਘਟਨਾ ਵਾਪਰੀ ਸੀ | ਉਸ ਸਮੇਂ ਇਕ ਵਿਅਕਤੀ ਨੇ 19 ਵਿਅਕਤੀਆਂ ਦਾ ਕਤਲ ਤੇ ਹੋਰ 20 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਸੀ| ਇਸ ਤੋਂ ਪਹਿਲਾਂ 2008 ਅਤੇ 2001 ਵਿੱਚ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਸਨ|

VIA PUNJAB