ਟੈਨਿਸ: ਮੈਡੀਸਨ ਨੂੰ ਹਰਾ ਕੇ ਨਾਓਮੀ ਨੇ ਸਿਰਜਿਆ ਇਤਿਹਾਸ

ਨਿਊਯਾਰਕ – ਜਾਪਾਨ ਦੀ ਨਾਓਮੀ ਓਸਾਮਾ ਨੇ ਮੌਜੂਦਾ ਉਪ ਜੇਤੂ ਅਤੇ ਸੀਨੀਅਰ ਦਰਜਾ ਪ੍ਰਾਪਤ ਅਮਰੀਕਾ ਦੀ ਮੈਡੀਸਨ ਕੀਅਜ਼ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹਿਲੀ ਵਾਰ ਥਾਂ ਬਣਾਈ ਹੈ। ਹੁਣ ਖ਼ਿਤਾਬੀ ਮੁਕਾਬਲੇ ਲਈ ਉਸ ਦੀ ਟੱਕਰ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨਾਲ ਭਿੜੇਗੀ। 20 ਸਾਲ ਦੀ ਓਸਾਕਾ ਨੇ ਮੈਡੀਸਨ ਨੂੰ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਲਗਾਤਾਰ ਸੈੱਟਾਂ ਵਿੱਚ 6-2, 6-4 ਨਾਲ ਹਰਾਉਂਦਿਆਂ ਫਾਈਨਲ ਵਿੱਚ ਥਾਂ ਬਣਾਈ। ਉਹ ਇਸ ਦੇ ਨਾਲ ਹੀ ਪਹਿਲੀ ਜਾਪਾਨੀ ਖਿਡਾਰਨ ਬਣ ਗਈ ਹੈ, ਜਿਸ ਨੇ ਗਰੈਂਡ ਸਲੈਮ ਦੇ ਸਿੰਗਲਜ਼ ਫਾਈਨਲ ਵਿੱਚ ਥਾਂ ਬਣਾਈ ਹੈ। ਮਹਿਲਾ ਸਿੰਗਲਜ਼ ਵਿੱਚ ਸਾਰੀਆਂ ਖਿਡਾਰਨਾਂ ਦੇ ਸ਼ੁਰੂਆਤੀ ਗੇੜ ਵਿੱਚ ਹਾਰ ਕੇ ਬਾਹਰ ਹੋਣ ਮਗਰੋਂ 14ਵਾਂ ਦਰਜਾ ਪ੍ਰਾਪਤ ਮੈਡੀਸਨ ਹੀ ਸਭ ਤੋਂ ਉਚ ਦਰਜੇ ਵਾਲੀ ਖਿਡਾਰਨ ਬਚੀ ਸੀ। ਉਹ ਮੁਟਿਆਰ ਖਿਡਾਰਨ ਓਸਾਮਾ ਖ਼ਿਲਾਫ਼ ਕਮਾਲ ਨਹੀਂ ਵਿਖਾ ਸਕੀ। ਇੱਕ ਹੋਰ ਸੈਮੀ ਫਾਈਨਲ ਵਿੱਚ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਆਪਣੀ ਚੁਣੌਤੀ ਨੂੰ ਜਾਰੀ ਰੱਖਦਿਆਂ ਐਨਾਸਤਾਸੀਆ ਸੇਵਾਸੋਮਾ ਨੂੰ ਇਕਪਾਸੜ ਮੁਕਾਬਲੇ ਵਿੱਚ 6-3, 6-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਅਮਰੀਕਾ ਦੀ ਖਿਡਾਰਨ ਕਰੀਅਰ ਦੇ ਰਿਕਾਰਡ 24ਵੇਂ ਗਰੈਂਡ ਸਲੈਮ ਤੋਂ ਹੁਣ ਇੱਕ ਜਿੱਤ ਦੂਰ ਹੈ। ਓਸਾਕਾ ਨੇ ਜਿੱਤ ਮਗਰੋਂ ਕਿਹਾ, ‘‘ਇਹ ਕਹਿਣਾ ਚੰਗਾ ਨਹੀਂ ਲਗਦਾ, ਪਰ ਮੈਂ ਸੱਚੀਓਂ ਸੇਰੇਨਾ ਨਾਲ ਖੇਡਣਾ ਚਾਹੁੰਦੀ ਸੀ। ਮੈਂ ਉਸ ਦੀ ਪ੍ਰਸ਼ੰਸਕ ਹਾਂ। ਮੈਂ ਜਦੋਂ ਬੱਚੀ ਸੀ, ਉਦੋਂ ਤੋਂ ਹੀ ਉਸ ਨਾਲ ਗਰੈਂਡ ਸਲੈਮ ਦੇ ਫਾਈਨਲ ਵਿੱਚ ਖੇਡਣ ਦਾ ਸੁਪਨਾ ਵੇਖਿਆ ਕਰਦੀ ਸੀ।’’

VIA PUNJAB