ਟੈਸਟ ਰੈਂਕਿੰਗ ਚ ਕੋਹਲੀ ਦੀ ਬਾਦਸ਼ਾਹਤ ਕਾਇਮ

ਨਵੀਂ ਦਿੱਲੀ – ਆਸਟਰੇਲੀਆ ਖਿਲਾਫ ਪਰਥ ਟੈਸਟ ਦੀ ਪਹਿਲੀ ਪਾਰੀ ‘ਚ ਸ਼ਾਨਦਾਰ 123 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ ਟੈਸਟ ਬੱਲੇਬਾਜ਼ ਬਣੇ ਹੋਏ ਹਨ। ਕੋਹਲੀ ਨੇ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣੀ ਦਾਅਵੇਦਾਰੀ ਹੋਰ ਵੀ ਮਜ਼ਬੂਤ ਕਰ ਲਈ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਹਮਲਾਵਰਤਾ ਇਨ੍ਹਾਂ ਦਿਨਾਂ ‘ਚ ਸੁਰਖੀਆਂ ‘ਚ ਆਈ ਹੋਈ ਹੈ। ਇਸ ਵਿਚਾਲੇ ਹੀ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਉਨ੍ਹਾਂ ਨੇ 934 ਅੰਕ ਹਾਸਲ ਕਰਕੇ ਨੰਬਰ ਵਨ ‘ਤੇ ਕਬਜ਼ਾ ਹੋਰ ਮਜ਼ਬੂਤ ਕਰ ਲਿਆ ਹੈ। ਕੋਹਲੀ ਵੀਰਵਾਰ ਨੂੰ ਜਾਰੀ ਰੈਂਕਿੰਗ ‘ਚ ਚੋਟੀ ‘ਤੇ ਬਣੇ ਹੋਏ ਹਨ। ਦੂਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਹਨ ਜਦਕਿ ਤੀਜੇ ਸਥਾਨ ‘ਤੇ ਵੀ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਕਾਬਜ਼ ਹਨ। ਵਿਰਾਟ ਕੋਹਲੀ ਨੂੰ ਪਰਥ ਟੈਸਟ ‘ਚ ਸੈਂਕੜਾ ਲਗਾਉਣ ਦੇ ਬਾਅਦ 14 ਅੰਕਾਂ ਦਾ ਫਾਇਦਾ ਹੋਇਆ ਹੈ। ਪਿਛਲੇ ਹਫਤੇ ਜਾਰੀ ਰੈਂਕਿੰਗ ‘ਚ ਕੋਹਲੀ ਦੇ 920 ਅੰਕ ਸਨ ਜਦਕਿ ਕੇਨ ਵਿਲੀਅਮਸਨ ਦੇ 913 ਅੰਕ ਸਨ। ਚੇਤੇਸ਼ਵਰ ਪੁਜਾਰਾ ਚੌਥੇ ਨੰਬਰ ‘ਤੇ ਬਣੇ ਹੋਏ ਹਨ। ਉਨ੍ਹਾਂ ਕੋਲ 816 ਅੰਕ ਹਨ। ਇਸ ਤੋਂ ਇਲਾਵਾ ਅਜਿੰਕਯ ਰਹਾਨੇ ਨੂੰ ਵੀ ਅਰਧ ਸੈਂਕੜੇ ਦਾ ਫਾਇਦਾ ਮਿਲਿਆ ਹੈ ਅਤੇ ਉਹ ਅੰਤਿਮ 15 ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ।

VIA PUNJAB