ਟੈਸਟ ਰੈਂਕਿੰਗ ਵਿੱਚ ਭਾਰਤ ਨੰਬਰ ਵਨ ਅਤੇ ਪੰਜਵੇਂ ਸਥਾਨ ਤੇ ਖਿਸਕਿਆ ਇੰਗਲੈਂਡ

ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਦੀ ਟੈਸਟ ਰੈਂਕਿੰਗ ਵਿੱਚ ਇੰਗਲੈਂਡ ਦੀ ਟੀਮ ਨੂੰ ਵੈਸਟਇੰਡੀਜ਼ ਤੋਂ ਸੀਰੀਜ਼ ਗੁਆਉਣ ਦਾ ਨੁਕਸਾਨ ਹੋਇਆ ਹੈ| ਵਿੰਡੀਜ਼ ਖਿਲਾਫ ਪਹਿਲੇ ਦੋ ਟੈਸਟ ਮੈਚ ਵਿੱਚ ਸ਼ਰਮਨਾਕ ਹਾਰ ਝਲਣ ਵਾਲੇ ਇੰਗਲੈਂਡ ਦੀ ਟੀਮ ਟੈਸਟ ਰੈਂਕਿੰਗ ਵਿੱਚ ਤੀਜੇ ਤੋਂ ਪੰਜਵੇਂ ਸਥਾਨ ਤੇ ਖਿਸਕ ਗਈ ਹੈ| ਭਾਰਤੀ ਟੀਮ ਪਹਿਲੇ ਸਥਾਨ ਤੇ ਬਣੀ ਹੋਈ ਹੈ| ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ ਵਿੱਚ ਭਾਵੇਂ ਹੀ ਇੰਗਲੈਂਡ ਨੇ ਜਿੱਤ ਦਰਜ ਕੀਤੀ ਪਰ ਸੀਰੀਜ਼ ਵਿੱਚ 1-2 ਦੀ ਹਾਰ ਦਾ ਖਮਿਆਜ਼ਾ ਉਸ ਨੂੰ ਰੈਂਕਿੰਗ ਵਿੱਚ ਝਲਣਾ ਪਿਆ ਹੈ| ਆਈ.ਸੀ.ਸੀ. ਦੀ ਟੈਸਟ ਰੈਂਕਿੰਗ ਵਿੱਚ ਇੰਗਲੈਂਡ ਦੀ ਟੀਮ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੀਂ ਪਾਇਦਾਨ ਤੇ ਪਹੁੰਚ ਗਈ ਹੈ| ਭਾਰਤੀ ਟੀਮ ਕੋਲ 116 ਅੰਕ ਹਨ ਅਤੇ ਉਹ ਪਹਿਲੇ ਸਥਾਨ ਤੇ ਕਾਇਮ ਹੈ| ਦੱਖਣੀ ਅਫਰੀਕਾ 110 ਅੰਕ ਦੇ ਨਾਲ ਦੂਜੇ ਜਦਕਿ ਨਿਊਜ਼ੀਲੈਂਡ 107 ਅੰਕ ਦੇ ਨਾਲ ਤੀਜੇ ਸਥਾਨ ਤੇ ਪਹੁੰਚ ਗਈ ਹੈ| ਇੰਗਲੈਂਡ ਦੀ ਹਾਰ ਦਾ ਫਾਇਦਾ ਨਿਊਜ਼ੀਲੈਂਡ ਨੂੰ ਮਿਲਿਆ ਹੈ| ਇੰਗਲੈਂਡ ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਵੈਸਟਇੰਡੀਜ਼ ਨੇ 7 ਅੰਕ ਹਾਸਲ ਕੀਤੇ ਹਨ| ਫਿਲਹਾਲ ਉਸ ਕੋਲ 77 ਅੰਕ ਹਨ ਅਤੇ ਉਹ ਟੈਸਟ ਰੈਂਕਿੰਗ ਵਿੱਚ ਅੱਠਵੇਂ ਸਥਾਨ ਤੇ ਹੈ| ਸ਼੍ਰੀਲੰਕਾ ਖਿਲਾਫ 2-0 ਦੀ ਕਲੀਨ ਸਵੀਪ ਕਰਨ ਵਾਲੀ ਆਸਟਰੇਲੀਆ ਨੇ 3 ਅੰਕ ਹਾਸਲ ਕੀਤੇ ਹਨ| ਉਹ ਟੈਸਟ ਰੈਂਕਿੰਗ ਵਿੱਚ ਚੌਥੇ ਸਥਾਨ ਤੇ ਹੈ|

VIA PUNJAB