ਟੋਰਾਂਟੋ ‘ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ‘ਚ 17 ਜ਼ਖਮੀ

ਟੋਰਾਂਟੋ – ਟੋਰਾਂਟੋ ਦੀ ਪੁਲਸ ਨੇ ਕਿਹਾ ਕਿ ਵੀਰਵਾਰ ਨੂੰ ਮੀਂਹ ਤੇ ਹਨੇਰੇ ਕਾਰਨ ਸ਼ਹਿਰ ‘ਚ ਕਈ ਸੜਕ ਹਾਦਸੇ ਵਾਪਰੇ, ਜਿਨ੍ਹਾਂ ‘ਚ ਕਈ ਗੱਡੀਆਂ ਪੈਦਲ-ਯਾਤਰੀਆਂ ‘ਤੇ ਜਾ ਚੜ੍ਹੀਆਂ ਤੇ ਇਸ ਦੌਰਾਨ ਕਰੀਬ 17 ਲੋਕ ਜ਼ਖਮੀ ਹੋ ਗਏ। ਕਿਪਲਿੰਗ ਐਵੇਨਿਊ ਨੇੜੇ ਰਾਤ ਕਰੀਬ 8:45 ਵਜ ਵਾਪਰੇ ਇਕ ਸੜਕ ਹਾਦਸੇ ‘ਚ ਇਕ 80 ਸਾਲਾ ਵਿਅਕਤੀ ਇਕ ਕਾਰ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਇਸੇ ਸਮੇਂ ਈਸਟ ਯਾਰਕ ਇਲਾਕੇ ‘ਚ ਇਕ 30 ਸਾਲਾ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਗੰਭੀਰ ਹਾਲਤ ‘ਚ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਇਲਾਵਾ 6:30 ਵਜੇ ਦੇ ਨੇੜੇ ਲਾਰੇਂਸ ਐਵੇਨਿਊ ‘ਚ ਇਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।ਟੋਰਾਂਟੋ ਦੀ ਇਕ ਪੱਤਰਕਾਰ ਏਜੰਸੀ ਨੇ ਰਿਪੋਰਟ ਦਿੱਤੀ ਕਿ ਵੀਰਵਾਰ ਨੂੰ ਸ਼ਾਮੀਂ 6 ਵਜੇ ਤੋਂ ਰਾਤ 11 ਵਜੇ ਤੱਕ ਕਰੀਬ 17 ਵਿਅਕਤੀਆਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

VIA PUNJAB