ਹਾਫਿਜ਼ ਸਈਦ ਤੇ ਸਲਾਹੁਦੀਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦੇ ਸਰਗਨੇ ਹਾਫਿਜ਼ ਮੁਹੰਮਦ ਸਈਦ ਤੇ ਹਿਜ਼ਬੁੱਲ ਮੁਜਾਹੀਦੀਨ ਦੇ ਮੁਖੀ ਮੁਹੰਮਦ ਯੂਨੁਸ ਸ਼ਾਹ ਉਰਫ ਸਲਾਹੁਦੀਨ ਦੇ ਖਿਲਾਫ ਜੰਮੂ-ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਐੱਨ.ਆਈ.ਏ. ਦੇ ਬੁਲਾਰੇ ਅਨੁਸਾਰ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਇਨ੍ਹਾਂ ਦੋਵਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਸਈਦ ਪਾਕਿਸਤਾਨ ਦੇ ਲਾਹੌਰ ਦੇ ਮੌਹਲਾ ਜੌਹਰ ਦਾ ਤੇ ਸਲਾਹੁਦੀਨ ਜੰਮੂ-ਕਸ਼ਮੀਰ ਦੇ ਬਡਗਾਮ ਦਾ ਰਹਿਣ ਵਾਲਾ ਹੈ। ਉਨ੍ਹਾਂ ਦੋਵਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 120ਬੀ, 121 ਤੇ 121ਏ ਅਤੇ ਗੈਰ-ਕਾਨੂੰਨੀ ਗਤੀਵਿਧੀ ਐਕਟ 1967 ਦੀ ਧਾਰਾ 13, 16, 17, 18, 20, 38, 39 ਤੇ 40 ਦੇ ਤਹਿਤ ਦੋਸ਼ ਲਾਏ ਗਏ ਹਨ। ਐੱਨ.ਆਈ.ਏ. ਨੇ ਇਸ ਮਾਮਲੇ ‘ਚ ਇਨ੍ਹਾਂ ਦੋਵਾਂ ਦੇ ਨਾਲ 12 ਲੋਕਾਂ ਦੇ ਖਿਲਾਫ ਬੀਤੇ ਜਨਵਰੀ ਮਹੀਨੇ ਦੋਸ਼ ਪੱਤਰ ਦਾਇਰ ਕੀਤਾ ਸੀ। ਜਾਂਚ ਏਜੰਸੀ ਨੇ ਵਿਸ਼ੇਸ਼ ਅਦਾਲਤ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਉਨ੍ਹਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਸਾਰਿਆਂ ਨੇ ਅੱਤਵਾਦੀ ਫੰਡਿੰਗ ਦੇ ਰਾਹੀਂ ਜੰਮੂ-ਕਸ਼ਮੀਰ ਤੇ ਦੇਸ਼ ਦੇ ਕੁਝ ਹੋਰ ਹਿੱਸਿਆਂ ‘ਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀਆਂ ਨੂੰ ਉਕਸਾਇਆ ਸੀ। ਇਨ੍ਹਾਂ ਨੇ ਪਾਕਿਸਤਾਨ ‘ਚ ਸਿਖਲਾਈ ਲਏ ਅੱਤਵਾਦੀਆਂ ਦੀ ਘਾਟੀ ‘ਚ ਘੁਸਪੈਠ ਕਰਵਾਈ ਤੇ ਦੇਸ਼ ਦੇ ਖਿਲਾਫ ਜੰਗ ਛੇੜਨ ਦੀ ਸਾਜ਼ਿਸ਼ ਰਚੀ।

VIA PUNJAB