ਤਾਲਾਬੰਦੀ ਖ਼ਤਮ ਕਰਨ ਲਈ ਟਰੰਪ ਦੀ ਨਵੀਂ ਪੇਸ਼ਕਸ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਪਗ ਪਿਛਲੇ ਇਕ ਮਹੀਨੇ ਤੋਂ ਜਾਰੀ ਸਰਕਾਰ ਦੀ ਆਰਜ਼ੀ ਤਾਲਾਬੰਦੀ ਨੂੰ ਖ਼ਤਮ ਕਰਨ ਲਈ ਨਵੀਂ ਪੇਸ਼ਕਸ਼ ਕੀਤੀ ਹੈ। ਪੇਸ਼ਕਸ਼ ਮੁਤਾਬਕ ਜੇਕਰ ਅਮਰੀਕੀ ਸਦਰ ਨੂੰ ਅਮਰੀਕਾ-ਮੈਕਸਿਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ ਲੋੜੀਂਦਾ 5.7 ਅਰਬ ਅਮਰੀਕੀ ਡਾਲਰ ਦਾ ਫੰਡ ਮਿਲ ਜਾਂਦਾ ਹੈ ਤਾਂ ਉਹ ਵੱਟੇ ’ਚ ਮੁਲਕ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਦਾਖ਼ਲ ਹੋਏ ਪਰਵਾਸੀਆਂ, ਜਿਨ੍ਹਾਂ ਦੇ ਸਿਰ ’ਤੇ ਜਲਾਵਤਨੀ ਦੀ ਤਲਕਾਰ ਲਟਕ ਰਹੀ ਹੈ, ਨੂੰ ਸੁਰੱਖਿਆ ਦੇਣਗੇ। ਉਧਰ ਡੈਮੋਕਰੈਟਾਂ ਨੇ ਟਰੰਪ ਦੀ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਸਾਫ਼ ਕਰ ਦਿੱਤਾ ਕਿ ਪਰਵਾਸੀਆਂ ਨੂੰ ਲੈ ਕੇ ਗੱਲਬਾਤ ਸਰਕਾਰੀ ਕੰਮਕਾਜ ਸ਼ੁਰੂ ਹੋਣ ਮਗਰੋਂ ਹੀ ਸੰਭਵ ਹੈ। ਅਮਰੀਕੀ ਸਦਰ ਡੋਨਲਡ ਟਰੰਪ ਨੇ ਇਹ ਪੇਸ਼ਕਸ਼ ਵ੍ਹਾਈਟ ਹਾਊਸ ਤੋਂ ਟੈਲੀਵਿਜ਼ਨ ਤਕਰੀਰ ਦੌਰਾਨ ਕੀਤੀ। ਟਰੰਪ ਨੇ ਪੇਸ਼ਕਸ਼ ਵਿੱਚ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਜਲਾਵਤਨੀ ਤੋਂ ਸੁਰੱਖਿਆ ਦੇਣਗੇ, ਜੋ ਨਿੱਕੇ ਬੱਚਿਆਂ ਦੇ ਰੂਪ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਮੁਲਕ ’ਚ ਦਾਖ਼ਲ ਹੋਈ ਸੀ। ਟਰੰਪ ਨੇ ਤਕਰੀਰ ਵਿੱਚ ਉਨ੍ਹਾਂ ਲੋਕਾਂ ਦਾ ਆਰਜ਼ੀ ਸੁਰੱਖਿਆ ਰੁਤਬਾ ਵਧਾਉਣ ਦਾ ਵੀ ਵਾਅਦਾ ਕੀਤਾ, ਜੋ ਕੌਮੀ ਆਫ਼ਤਾਂ ਜਾਂ ਫਿਰ ਹਿੰਸਾ ਦੇ ਚਲਦਿਆਂ ਆਪਣੇ ਮੁਲਕਾਂ ’ਚੋਂ ਭੱਜ ਕੇ ਅਮਰੀਕਾ ’ਚ ਦਾਖ਼ਲ ਹੋਏ ਹਨ। ਅਮਰੀਕੀ ਸਦਰ ਨੇ ਇਸ ਮੌਕੇ ਸਰਹੱਦੀ ਸੁਰੱਖਿਆ ਵਧਾਉਣ ਲਈ ਵੀ ਕਈ ਤਜਵੀਜ਼ਾਂ ਰੱਖੀਆਂ। ਸਰਕਾਰੀ ਦੀ ਆਰਜ਼ੀ ਤਾਲਾਬੰਦੀ ਸ਼ਨਿਚਰਵਾਰ ਨੂੰ 29ਵੇਂ ਦਿਨ ਵਿੱਚ ਦਾਖ਼ਲ ਹੋ ਗਈ ਤੇ ਮੁਲਕ ਦੇ ਇਤਿਹਾਸ ਵਿੱਚ ਇਹ ਹੁਣ ਤਕ ਦੀ ਸਭ ਤੋਂ ਲੰਮੀ ਤਾਲਾਬੰਦੀ ਹੈ।

VIA PUNJAB