ਤੀਰਅੰਦਾਜ਼ੀ: ਭਾਰਤ ਨੇ ਵਿੰਨ੍ਹੇ ਚਾਂਦੀ ਦੇ ਦੋ ਤਗ਼ਮੇ

ਜਕਾਰਤਾ, ਭਾਰਤ ਦੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰਅੰਦਾਜ਼ੀ ਟੀਮਾਂ ਇੱਥੇ ਕੋਰੀਆ ਖ਼ਿਲਾਫ਼ ਸਖ਼ਤ ਮੁਕਾਬਲੇ ਦੇ ਬਾਵਜੂਦ 18ਵੀਆਂ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਦੇ ਫਾਈਨਲ ਵਿੱਚ ਅੱਜ ਹਾਰ ਗਈਆਂ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਕੋਰੀਆ ਨੇ 231-228 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਪੁਰਸ਼ ਟੀਮ ਨੂੰ ਵੀ ਫਾਈਨਲ ਵਿੱਚ ਕੋਰੀਆ ਤੋਂ ਕਰੀਬੀ ਮੁਕਾਬਲੇ ਵਿੱਚ ਹਾਰ ਝੱਲਣੀ ਪਈ ਅਤੇ 229-229 ਦੇ ਇੱਕ ਬਰਾਬਰ ਸਕੋਰ ਮਗਰੋਂ ਸ਼ੂਟਆਫ ਵਿੱਚ ਕੋਰੀਆ ਸੋਨ ਤਗ਼ਮਾ ਜਿੱਤਣ ਵਿੱਚ ਸਫਲ ਰਿਹਾ। ਰਜਤ ਚੌਹਾਨ, ਅਮਾਨ ਸੈਣੀ ਅਤੇ ਅਭਿਸ਼ੇਕ ਵਰਮਾ ਦੀ ਭਾਰਤੀ ਤਿਕੜੀ ਚੌਥੇ ਸੈੱਟ ਮਗਰੋਂ ਕੋਰੀਆ ਤੋਂ ਇੱਕ ਅੰਕ ਨਾਲ ਅੱਗੇ ਚੱਲ ਰਹੀ ਸੀ, ਪਰ ਉਸ ਦੇ ਜਸ਼ਨ ਨੂੰ ਉਸ ਸਮੇਂ ਝਟਕਾ ਲੱਗਿਆ, ਜਦੋਂ ਰਿਵਿਊ ਵਿੱਚ ਕੋਰਿਆਈ ਟੀਮ ਦੇ ਇੱਕ ਖਿਡਾਰੀ ਦੇ 9 ਸਕੋਰ ਨੂੰ 10 ਮੰਨਿਆ ਗਿਆ, ਇਸ ਨਾਲ ਦੋਵੇਂ ਟੀਮਾਂ ਇੱਕ ਬਰਾਬਰ ਸਕੋਰ ’ਤੇ ਆ ਗਈਆਂ। ਸੋਨੇ ਲਈ ਕਰਵਾਏ ਗਏ ਸ਼ੂਟਆਫ ਵਿੱਚ ਕੋਰੀਆ ਨੇ ਇੱਕ ਇਨਰ 10 (ਬੁਲਜ਼ ਆਈ ਦੇ ਸਭ ਤੋਂ ਨੇੜੇ) ਅਤੇ ਇੱਕ ਦਸ ਅਤੇ ਨੌਂ ਸ਼ਾਟ ਮਾਰੇ ਅਤੇ ਜੇਤੂ ਬਣ ਗਈ, ਜਦਕਿ ਭਾਰਤੀ ਟੀਮ ਨੇ ਦੋ ਦਸ ਅਤੇ ਇੱਕ ਨੌਂ ਦਾ ਸ਼ਾਟ ਮਾਰਿਆ। ਉਸ ਨੂੰ ਦਿਲਚਸਪ ਮੁਕਾਬਲੇ ਵਿੱਚ ਹਾਰ ਕੇ ਮਹਿਲਾ ਟੀਮ ਦੀ ਹੀ ਤਰ੍ਹਾਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਮੁਸਕਾਨ ਕਿਰਨ, ਮਧੂਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਦੀ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਕੋਰਿਆਈ ਟੀਮ ਨੂੰ ਸਖ਼ਤ ਟੱਕਰ ਦਿੱਤੀ ਅਤੇ ਪਹਿਲਾ ਸੈੱਟ 59-57 ਨਾਲ ਆਪਣੇ ਨਾਮ ਕੀਤਾ, ਪਰ ਦੂਜੇ ਸੈੱਟ ਵਿੱਚ ਉਹ ਦੋ ਅੰਕ ਪੱਛੜ ਕੇ 56-58 ਨਾਲ ਹਾਰ ਗਈ।

VIA PUNJAB