ਦ੍ਰਾਵਿੜ ਆਈਸੀਸੀ ਹਾਲ ਆਫ਼ ਫ਼ੇਮ ’ਚ ਸ਼ਾਮਲ

ਤਿਰੂਵਨੰਤਪੁਰਮ – ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦਰਾਵਿੜ ਇਹ ਮਾਣਮੱਤੀ ਪ੍ਰਾਪਤੀ ਕਰਨ ਵਾਲਾ ਭਾਰਤ ਦਾ ਪੰਜਵਾਂ ਕ੍ਰਿਕਟਰ ਹੈ। ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਦਰਾਵਿੜ ਨੂੰ ਯਾਦਗਾਰ ਕੈਪ ਸੌਂਪੀ। ਆਈਸੀਸੀ ਨੇ 2 ਜੁਲਾਈ ਨੂੰ ਦਰਾਵਿੜ ਨੂੰ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਦਰਾਵਿੜ ਤੋਂ ਪਹਿਲਾਂ ਭਾਰਤੀ ਕ੍ਰਿਕਟਰਾਂ ’ਚੋਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਗਾਵਸਕਰ ਅਤੇ ਅਨਿਲ ਕੁੰਬਲੇ ਨੂੰ ਇਸ ਇਲੀਟ ਸੂਚੀ ਵਿੱਚ ਥਾਂ ਮਿਲ ਚੁੱਕੀ ਹੈ। ਦਰਾਵਿੜ ਨੇ 164 ਟੈਸਟਾਂ ਵਿੱਚ 36 ਸੈਂਕੜਿਆਂ ਦੀ ਬਦੌਲਤ 13288 ਦੌੜਾਂ ਜਦੋਂ ਕਿ 344 ਇਕ ਰੋਜ਼ਾ ਵਿੱਚ 12 ਸੈਂਕੜਿਆਂ ਨਾਲ 10889 ਦੌੜਾਂ ਬਣਾਈਆਂ। ਦਰਾਵਿੜ ਨੂੰ 2004 ਵਿੱਚ ਆਈਸੀਸੀ ਦਾ ਸਾਲ ਦਾ ਸਰਵੋਤਮ ਕ੍ਰਿਕਟਰ ਅਤੇ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਵੀ ਚੁਣਿਆ ਗਿਆ। ਇਕਲੌਤਾ ਟੀ-20 ਕੌਮਾਂਤਰੀ ਮੈਚ ਖੇਡਣ ਵਾਲਾ ਦਰਾਵਿੜ ਬਿਹਤਰੀਨ ਸਲਿੱਪ ਫੀਲਡਰ ਵੀ ਰਿਹਾ ਹੈ। 2012 ਵਿੱਚ ਟੈਸਟ ਕ੍ਰਿਕਟ ਨੂੰ ਅਲਵਿਦਾ ਆਖਣ ਵਾਲੇ ਦਰਾਵਿੜ ਨੇ ਟੈਸਟ ਕਰੀਅਰ ਦੌਰਾਨ ਵਿਸ਼ਵ ਰਿਕਾਰਡ 210 ਕੈਚ ਫੜੇ। ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤੇ ਜਾਣ ਮਗਰੋਂ ਆਈਸੀਸੀ ਨੇ ਇਕ ਬਿਆਨ ’ਚ ਦਰਾਵਿੜ ਦੇ ਹਵਾਲੇ ਨਾਲ ਕਿਹਾ, ‘ਹਾਲ ਆਫ ਫੇਮ ’ਚ ਸ਼ਾਮਲ ਕੀਤੇ ਜਾਣਾ ਵੱਡੇ ਸਨਮਾਨ ਵਾਲੀ ਗੱਲ ਹੈ।

VIA PUNJAB