ਨਵਾਜ਼ ਸ਼ਰੀਫ਼ ਦੇ ਪੁੱਤਰਾਂ ਦੇ ਨਾਂ ਕਾਲੀ ਸੂਚੀ ’ਚ ਸ਼ਾਮਲ

ਇਸਲਾਮਾਬਾਦ – ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਅਤੇ ਹੁਸੈਨ ਨੂੰ ਅਧਿਕਾਰੀਆਂ ਨੇ ਕਾਲੀ ਸੂਚੀ ’ਚ ਪਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਦੇ ਪਾਕਿਸਤਾਨੀ ਪਾਸਪੋਰਟਾਂ ’ਤੇ ਸਫ਼ਰ ਕਰਨ ਖਿਲਾਫ਼ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਲੰਡਨ ’ਚ ਰਹਿੰਦੇ ਸ਼ਰੀਫ਼ ਦੇ ਦੋਵੇਂ ਪੁੱਤਰਾਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ। ਉਨਾਂ ਖਿਲਾਫ਼ ਪਿਤਾ ਦੇ ਨਾਲ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਦਰਜ ਹਨ। ਭ੍ਰਿਸ਼ਟਾਚਾਰ ਵਿਰੋਧੀ ਕੌਮੀ ਜਵਾਬਦੇਹੀ ਬਿਊਰੋ ਨੇ ਹਸਨ ਅਤੇ ਹੁਸੈਨ ਦੇ ਨਾਮ ਐਗਜ਼ਿਟ ਕੰਟਰੋਲ ਲਿਸਟ ’ਚ ਰੱਖਣ ਦੀ ਬੇਨਤੀ ਕੀਤੀ ਸੀ ਪਰ ਕੰਮ ਚਲਾਊ ਕੈਬਨਿਟ ਨੇ ਇਸ ਬਾਬਤ ਕੋਈ ਫ਼ੈਸਲਾ ਨਹੀਂ ਲਿਆ ਸੀ। ਰਿਪੋਰਟ ਮੁਤਾਬਕ ਬਿਊਰੋ ਨੇ ਇਮੀਗਰੇਸ਼ਨ ਅਤੇ ਪਾਸਪੋਰਟ ਡਾਇਰੈਕਟੋਰੇਟ ਕੋਲ ਇਕ ਹੋਰ ਬੇਨਤੀ ਕੀਤੀ ਜਿਸ ਮਗਰੋਂ ਉਨ੍ਹਾਂ ਦੇ ਪਾਸਪੋਰਟ ਬਲਾਕ ਕਰ ਦਿੱਤੇ ਗਏ ਅਤੇ ਨਾਵਾਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ ਗਿਆ। ਪਿਛਲੇ ਹਫ਼ਤੇ ਸੰਘੀ ਜਾਂਚ ਏਜੰਸੀ ਨੇ ਇੰਟਰਪੋਲ ਕੋਲ ਪਹੁੰਚ ਕਰਕੇ ਹਸਨ ਅਤੇ ਹੁਸੈਨ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।

VIA PUNJAB