ਨਾਭਾ ਵਿਖੇ 10.45 ਲੱਖ ਰੁਪਏ ਦੀ ਹੋਈ ਲੁੱਟ ਦਾ ਮਾਮਲਾ ਸੁਲਝਿਆ

ਪਟਿਆਲਾ ਪੁਲਿਸ ਵਲੋਂ 2 ਗ੍ਰਿਫ਼ਤਾਰ, 10.45 ਲੱਖ ਰੁਪਏ, ਮੋਟਰਸਾਇਕਲ, ਰਾਡ ਤੇ ਕੱਪੜੇ ਬਰਾਮਦ : ਐਸ.ਐਸ.ਪੀ. ਸਿੱਧੂ

ਨਾਭਾ – ਪੁਲਿਸ ਨੇ 22 ਅਕਤੂਬਰ 2018 ਨੂੰ ਨਾਭਾ ਵਿਖੇ ਰਿਲਾਂਇਸ ਪੈਟਰੋਲ ਪੰਪ ‘ਤੇ ਕੰਮ ਕਰਦੇ ਵਰਕਰ ਜਗਸੀਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਰੋਹਟਾ ਦੇ ਸਿਰ ‘ਚ ਰਾਡ ਮਾਰ ਕੇ ਉਸ ਵਲੋਂ ਬੈਂਕ ‘ਚ ਜਮਾਂ ਕਰਵਾਉਣ ਲਈ ਲਿਜਾਈ ਜਾ ਰਹੀ 10.45 ਲਖ ਰੁਪਏ ਦੀ ਰਾਸ਼ੀ ਦੀ ਕੀਤੀ ਲੁਟ-ਖੋਹ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਲੁਟ-ਖੋਹ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਖੁਲਾਸਾ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿਧੂ ਨੇ ਅਜ ਇਥੇ ਡੀ.ਐਸ.ਪੀ. ਨਾਭਾ ਦੇ ਦਫ਼ਤਰ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਐਸ.ਐਸ.ਪੀ. ਸ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਇਸ ਮਾਮਲੇ ਨੂੰ ਹਲ ਕਰਨ ਲਈ ਉਨ੍ਹਾਂ ਨੇ ਐਸ.ਐਚ.ਓ. ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਅਤੇ ਸੀ.ਆਈ.ਏ. ਨਾਭਾ ਦੇ ਇੰਚਾਰਜ ਐਸ.ਆਈ. ਗੁਰਮੀਤ ਸਿੰਘ ਦੀਆਂ ਟੀਮਾਂ ਦਾ ਗਠਨ ਕੀਤਾ ਸੀ, ਜਿਨ੍ਹਾਂ ਨੇ ਇਸ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕੀਤੀ ਤਾਂ ਇਸ ਮਾਮਲੇ ’ਚ 30 ਸਾਲਾ ਹਰਵਿੰਦਰ ਸਿੰਘ ਛੋਟੂ ਪੁਤਰ ਸਵ. ਬੰਤ ਸਿੰਘ ਨੰਬਰਦਾਰ ਵਾਸੀ ਪਿੰਡ ਅਲੌਹਰਾਂ ਕਲਾਂ ਅਤੇ 22 ਸਾਲਾ ਹਰਪ੍ਰੀਤ ਸਿੰਘ ਹੈਪੀ ਪੁਤਰ ਕਰਮਜੀਤ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਛੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਅਲੌਹਰਾਂ ਕਲਾਂ ਵਿਖੇ ਹਰਵਿੰਦਰ ਸਿੰਘ ਦੀ ਮੋਟਰ ਦੇ ਕੋਠੇ ਦੇ ਪਿਛਲੇ ਪਾਸੇ ਲੁਕਾ ਕੇ ਰਖੇ 10.45 ਲਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਸ. ਸਿੱਧੂ ਨੇ ਦਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਮਾਮਲੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਰੀਕੀ ਨਾਲ ਛਾਣਬੀਣ ਕੀਤੀ ਅਤੇ ਫੁਟੇਜ ਤੇ ਵੀਡੀਓ ਕਲਿਪਸ ਦੇ ਅਧਾਰ ‘ਤੇ ਪੰਪ ਦੇ ਮਾਲਕ ਸ੍ਰੀ ਸੰਦੀਪ ਬਾਂਸਲ ਵਲੋਂ ਸ਼ਨਾਖ਼ਤ ਕਰਵਾਈ ਗਈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਵਲੋਂ ਵਾਰਦਾਤ ‘ਚ ਵਰਤੇ ਗਏ ਹਥਿਆਰ ਸਟੀਲ ਦੀ ਰਾਡ ਅਤੇ ਕਪੜਿਆਂ ਸਮੇਤ ਚਮੜੇ ਦਾ ਬੈਗ, ਪੈਨ ਕਾਰਡ, ਬੈਂਕ ਵਾਊਚਰ ਅਤੇ ਵਾਰਦਾਤ ‘ਚ ਵਰਤਿਆ ਗਿਆ ਸਪਲੈਂਡਰ ਮੋਟਰ ਸਾਇਕਲ ਪੀ.ਬੀ. 11 ਬੀਐਸ 6226 ਰੰਗ ਕਾਲਾ ਵੀ ਬਰਾਮਦ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਇਸ ਮਾਮਲੇ ‘ਚ ਥਾਣਾ ਕੋਤਵਾਲੀ ਨਾਭਾ ਵਿਖੇ ਮੁਕਦਮਾ ਨੰਬਰ 108 ਮਿਤੀ 22/10/2018 ਧਾਰਾ 379 ਬੀ, 382, 34 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਸੀ। ਸ. ਸਿਧੂ ਨੇ ਦਸਿਆ ਕਿ ਮੁਢਲੀ ਪੁਛਗਿਛ ਤੋਂ ਬਾਅਦ ਹਰਵਿੰਦਰ ਸਿੰਘ, ਜੋ ਕਿ ਨਸ਼ੇ ਕਰਨ ਦਾ ਆਦੀ ਹੈ, ਨੇ ਮੰਨਿਆ ਕਿ ਉਹ ਕਰੀਬ 3 ਮਹੀਨਿਆਂ ਤੋਂ ਪੈਟਰੋਲ ਪੰਪ ਤੋਂ ਨਗਦੀ ਲਿਜਾਣ ਵਾਲੇ ਵਿਅਕਤੀ ਦੀ ਰੈਕੀ ਕਰਦਾ ਆ ਰਿਹਾ ਸੀ। ਉਸਨੇ 1 ਮਹੀਨਾ ਪਹਿਲਾਂ ਵੀ ਇਸ ਪੰਪ ਦੇ ਵਰਕਰ ਤੋਂ ਪੈਸੇ ਖੋਹਣ ਲਈ ਆਪਣੇ ਸਾਥੀਆਂ ਨੂੰ ਬੁਲਾਇਆ ਸੀ ਪਰ ਉਹ ਦੇਰੀ ਹੋਣ ਕਰਕੇ ਇਹ ਵਾਰਦਾਤ ਨਹੀਂ ਕਰ ਸਕੇ ਸਨ।ਸ. ਸਿਧੂ ਨੇ ਦਸਿਆ ਕਿ ਉਨ੍ਹਾਂ ਨੇ ਦੁਸ਼ਹਿਰੇ ਵਾਲੇ ਦਿਨ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਇਕਲ ਖਰੀਦਿਆ ਅਤੇ ਵਾਰਦਾਤ ਵੇਲੇ ਇਸਦੀ ਅਗਲੀ ਨੰਬਰ ਪਲੇਟ ‘ਤੇ ਕਪੜਾ ਬੰਨ੍ਹ ਲਿਆ ਸੀ ਤੇ ਪਿਛਲੀ ਨੰਬਰ ਪਲੇਟ ਉਤਾਰ ਦਿਤੀ ਅਤੇ ਆਪਣੀ ਪਛਾਣ ਲੁਕਾਉਣ ਲਈ ਆਪਣੇ ਮੂੰਹ ਪਰਨਿਆਂ ਨਾਲ ਢਕ ਲਏ ਸਨ। ਸ. ਸਿਧੂ ਨੇ ਹੋਰ ਦਸਿਆ ਕਿ ਹਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ 2010 ‘ਚ ਮਾਲਵਾ ਆਈ.ਟੀ.ਆਈ. ਰਖੜਾ ਵਿਖੇ ਲੜਾਈ ਝਗੜੇ ਦੌਰਾਨ ਇਕ ਨੌਜਵਾਨ ਦੀ ਹਤਿਆ ਵੀ ਕਰ ਦਿਤੀ ਸੀ, ਜਿਸ ਸਬੰਧੀਂ ਇਸ ‘ਤੇ ਮੁਕਦਮਾ ਨੰਬਰ 584 ਮਿਤੀ 10/12/10 ਧਾਰਾ 302, 307, 382, 148, 149, 120 ਬੀ ਤੇ ਅਸਲਾ ਐਕਟ ਦੀਆਂ ਧਾਰਾਵਾਂ 25/27/54/59 ਵੀ ਥਾਣਾ ਸਦਰ ਪਟਿਆਲਾ ਵਿਖੇ ਦਰਜ ਹੈ।ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਜਾਂਚ ਪਟਿਆਲਾ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਨਾਭਾ ਦੇਵਿੰਦਰ ਅਤਰੀ, ਕੋਤਵਾਲੀ ਥਾਣਾਂ ਨਾਭਾ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਤੇ ਸੀ.ਆਈ.ਏ. ਨਾਭਾ ਦੇ ਇੰਚਾਰਜ ਐਸ.ਆਈ. ਗੁਰਮੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

VIA PUNJAB