ਪਹਿਲਾ ਟੈਸਟ: ਅਸ਼ਵਿਨ ਤੇ ਇਸ਼ਾਂਤ ਨੇ ਇੰਗਲੈਂਡ ਨੂੰ ਝੰਜੋੜਿਆ

ਬਰਮਿੰਘਮ – ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਦੂਜੀ ਪਾਰੀ ਵਿੱਚ 180 ਦੌੜਾਂ ’ਤੇ ਹੀ ਢੇਰ ਕਰ ਦਿੱਤਾ। ਮੇਜ਼ਬਾਨ ਟੀਮ ਵੱਲੋਂ ਸੈਮ ਕਰੈਨ ਨੇ ਸ਼ਾਨਦਾਰ 63 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਭਾਰਤ ਨੂੰ ਪਹਿਲਾ ਟੈਸਟ ਮੈਚ ਜਿੱਤਣ ਲਈ 194 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੇ ਭਾਰਤ ਨੇ ਪੰਜ ਵਿਕਟਾਂ ਪਿੱਛੇ 100 ਦੌੜਾਂ ਬਣਾ ਲਈਆਂ ਸਨ। ਭਾਰਤੀ ਕਪਤਾਨ ਵਿਰਾਟ ਕੋਹਲੀ 38 ਅਤੇ ਦਿਨੇਸ਼ ਕਾਰਤਿਕ 14 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਇਸ ਤੋਂ ਪਹਿਲਾਂ ਇਸ਼ਾਂਤ ਨੇ 51 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੀਆਂ ਪੰਜ ਵਿਕਟਾਂ ਲਈਆਂ। ਇਹ ਉਸ ਦੇ ਕਰੀਅਰ ਦਾ ਅੱਠਵਾਂ ਮੌਕਾ ਹੈ, ਜਦੋਂ ਉਸ ਨੇ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਹਨ। ਇਸ਼ਾਂਤ ਨੇ ਮੇਜ਼ਬਾਨ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ, ਜਦੋਂਕਿ ਸੀਨੀਅਰ ਕ੍ਰਮ ਨੂੰ ਉਖੇੜਦਿਆਂ ਰਵਿਚੰਦਰਨ ਅਸ਼ਵਿਨ ਨੇ 59 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਉਮੇਸ਼ ਯਾਦਵ ਨੇ 20 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦਾ ਸਕੋਰ ਇੱਕ ਸਮੇਂ ਸੱਤ ਵਿਕਟਾਂ ’ਤੇ 87 ਦੌੜਾਂ ਸੀ, ਪਰ 20 ਸਾਲਾ ਹਰਫ਼ਨਮੌਲਾ ਕਰੈਨ ਨੇ 65 ਗੇਂਦਾਂ ’ਤੇ 63 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਉਸ ਦੀ ਟੀਮ ਭਾਰਤ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਣ ਵਿੱਚ ਸਫਲ ਰਹੀ। ਲੰਚ ਮਗਰੋਂ ਇਸ਼ਾਂਤ ਨੇ ਜੋਸ ਬਟਲਰ ਨੂੰ ਟਿਕਣ ਨਹੀਂ ਦਿੱਤਾ। ਇਸ ਮਗਰੋਂ ਕੁਰੇਨ ਅਤੇ ਆਦਿਲ ਰਾਸ਼ਿਦ (16) ਨੇ ਅੱਠਵੀਂ ਵਿਕਟ ਲਈ 48 ਦੌੜਾਂ ਬਣਾਈਆਂ। ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ਵਿੱਚ ਕੱਲ੍ਹ 274 ਦੌੜਾਂ ਬਣਾਈਆਂ ਸਨ। ਇੰਗਲੈਂਡ ਨੂੰ ਪਹਿਲੀ ਪਾਰੀ ਵਿੱਚ ਸਿਰਫ਼ 13 ਦੌੜਾਂ ਦੀ ਲੀਡ ਹਾਸਲ ਹੋਈ ਸੀ। ਇੰਗਲੈਂਡ ਨੇ ਇੱਕ ਵਿਕਟ ’ਤੇ ਨੌਂ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਵੇਰ ਦੇ ਸੈਸ਼ਨ ਵਿੱਚ ਪੰਜ ਵਿਕਟਾਂ ਗੁਆ ਲਈਆਂ ਸਨ। ਅਸ਼ਵਿਨ ਨੇ ਇਨ੍ਹਾਂ ਪੰਜ ਵਿਕਟਾਂ ਵਿੱਚੋਂ ਦੋ ਅਤੇ ਇਸ਼ਾਂਤ ਨੇ ਤਿੰਨ ਵਿਕਟਾਂ ਲਈਆਂ ਸਨ।ਇਸ ਤੋਂ ਬਾਅਦ ਅਗਲੇ ਸੈਸ਼ਨਾਂ ਦੌਰਾਨ ਅਸ਼ਵਿਨ ਨੇ 48 ਦੌੜਾਂ ਦੇ ਕੇ ਤਿੰਨ ਅਤੇ ਇਸ਼ਾਂਤ ਨੇ 41 ਦੌੜਾਂ ਦੇ ਚਾਰ ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਸਵੇਰੇ ਕੀਟਨ ਜੇਨਿੰਗਜ਼ (ਅੱਠ) ਅਤੇ ਕਪਤਾਨ ਜੋਅ ਰੂਟ (14) ਨੂੰ ਆਊਟ ਕੀਤਾ, ਜਦਕਿ ਇਸ਼ਾਂਤ ਨੇ ਡੇਵਿਡ ਮਲਾਨ (20), ਵਿਕਟਕੀਪਰ ਜੌਹਨੀ ਬੇਅਰਸਟਾਅ (28) ਅਤੇ ਬੈਨ ਸਟੌਕਸ (ਛੇ) ਨੂੰ ਬਾਹਰ ਦਾ ਰਾਹ ਵਿਖਾਇਆ। ਇਸ ਤੋਂ ਇਲਾਵਾ ਇਸ਼ਾਂਤ ਸ਼ਰਮਾ ਨੇ ਜੋਸ ਬਟਲਰ (ਇੱਕ) ਨੂੰ ਪੈਵਿਲੀਅਨ ਪਹੁੰਚਾਇਆ। ਲੋਕੇਸ਼ ਰਾਹੁਲ ਨੇ ਜੇਨਿੰਗਜ਼ ਅਤੇ ਰੂਟ, ਅਜਿੰਕਿਆ ਰਹਾਣੇ ਨੇ ਮਲਾਨ, ਸ਼ਿਖਰ ਧਵਨ ਨੇ ਬੇਅਰਸਟਾਅ, ਕਾਰਿਤਕ ਨੇ ਬਟਲਰ ਅਤੇ ਕਪਤਾਨ ਵਿਰਾਟ ਕੋਹਲੀ ਨੇ ਸਟੌਕਸ ਦੇ ਕੈਚ ਲਏ।

VIA PUNJAB