ਪਾਕਿ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ, 26 ਵਿਅਕਤੀਆਂ ਦੀ ਮੌਤ

ਲਾਹੌਰ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਤੇਲ ਨਾਲ ਭਰੇ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ| ਪੁਲੀਸ ਨੇ ਅੱਜ ਦੱਸਿਆ ਕਿ ਹਬ ਨੇੜੇ ਲਸਬੇਲਾ ਜ਼ਿਲੇ ਵਿਚ ਹਾਦਸਾ ਸਾਹਮਣੇ ਤੋਂ ਆ ਰਹੇ ਟਰੱਕ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ| ਕਰਾਚੀ ਤੋਂ ਪੰਜਗੁਰ ਜਾ ਰਹੀ ਬੱਸ ਵਿਚ 40 ਲੋਕ ਸਵਾਰ ਸਨ| ”ਟਰੱਕ ਵਿਚ ਈਰਾਨੀ ਬਾਲਣ ਹੋਣ ਕਾਰਨ ਹਾਦਸੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ|” ਉਨ੍ਹਾਂ ਨੇ ਦੱਸਿਆ,”ਯਾਤਰੀ ਜਾਨ ਬਚਾਉਣ ਲਈ ਬੱਸ ਵਿਚੋਂ ਛਾਲ ਮਾਰਨ ਲੱਗੇ ਪਰ ਕਈ ਲੋਕ ਅੰਦਰ ਹੀ ਫਸ ਗਏ|” ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਥਲ ਤੋਂ 26 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ| ਲਸਬੇਲਾ ਦੇ ਡਿਪਟੀ ਕਮਿਸ਼ਨਰ ਸ਼ਬੀਰ ਮੇਂਗਲ ਨੇ ਕਿਹਾ,”ਸਾਰੇ ਯਾਤਰੀਆਂ ਦੀ ਮੌਤ ਅੱਗ ਦੀ ਚਪੇਟ ਵਿਚ ਆਉਣ ਕਾਰਨ ਹੋਈ|” ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਹੋਏ 16ਵਿਅਕਤੀਆਂ ਵਿਚੋਂ 6 ਦੀ ਹਾਲਤ ਗੰਭੀਰ ਹੈ| ‘ਈਦੀ ਫਾਊਂਡੇਸ਼ਨ’ ਦੇ ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਸਹੂਲਤਾਂ ਅਤੇ ਐਂਬੂਲੈਂਸਾਂ ਦੀ ਕਮੀ ਕਾਰਨ ਜ਼ਖਮੀਆਂ ਨੂੰ ਕਰਾਚੀ ਲੈ ਜਾਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ| ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੈ|

VIA PUNJAB