ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਕੁਆਰਟਰਜ਼ ਵਿੱਚ, ਬਾਕੀ ਭਾਰਤੀ ਸ਼ਟਲਰ ਬਾਹਰ

ਜਕਾਰਤਾ – ਭਾਰਤ ਦੀ ਓਲੰਪਿਕ ਤਗ਼ਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਆਪਣੀ ਜੇਤੂ ਲੈਅ ਜਾਰੀ ਰੱਖਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਬਾਕੀ ਭਾਰਤੀ ਖਿਡਾਰੀਆਂ ਦੀ ਚੁਣੌਤੀ ਖ਼ਤਮ ਹੋ ਗਈ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਬੈਡਮਿੰਟਨ ਵਿੱਚ 20 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿੱਚ ਸਿਰਫ਼ ਪੀਵੀ ਸਿੰਧੂ ਅਤੇ ਸਾਇਨਾ ਕੁਆਰਟਰ ਫਾਈਨਲ ਤੱਕ ਪਹੁੰਚ ਸਕੀਆਂ ਹਨ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਕੁਆਰਟਰ ਫਾਈਨਲ ਵਿੱਚ ਹਾਰ ਚੁੱਕੀਆਂ ਹਨ। ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਮਹਿਲਾ ਟੀਮ ਨੇ ਕਾਂਸੀ ਜਿੱਤੀ ਸੀ, ਜਦੋਂਕਿ ਸਿੰਗਲਜ਼ ਵਰਗ ਵਿੱਚ ਆਖ਼ਰੀ ਵਾਰ ਭਾਰਤ ਨੂੰ ਕਾਂਸੀ ਦੇ ਤਗ਼ਮਾ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਸੈਯਦ ਮੋਦੀ ਨੇ ਦਿਵਾਇਆ ਸੀ। ਭਾਰਤ ਦੇ ਨਾਮ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਬੈਡਮਿੰਟਨ ਵਿੱਚ ਅੱਠ ਕਾਂਸੀ ਦੇ ਤਗ਼ਮੇ ਹਨ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਆਖ਼ਰੀ 16 ਮੁਕਾਬਲੇ ਵਿੱਚ ਇੰਡੋਨੇਸ਼ੀਆ ਦੀ ਮਰਿਸਕਦਾ ਗ੍ਰੇਗੋਰੀਆ ਤੁਨਜੁੰਗ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-12, 21-15 ਨਾਲ ਲਗਾਤਾਰ ਸੈੱਟਾਂ ਵਿੱਚ ਹਰਾਇਆ। ਇਸ ਤੋਂ ਪਹਿਲਾਂ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤਰਿਆਨੀ ਨੂੰ 2-0 ਨਾਲ ਮਾਤ ਦਿੱਤੀ। ਉਸ ਨੇ ਫਿਤਰਿਆਨੀ ਨੂੰ 31 ਮਿੰਟ ਵਿੱਚ ਲਗਾਤਾਰ ਸੈੱਟਾਂ ਵਿੱਚ 21-6, 21-14 ਨਾਲ ਆਸਾਨੀ ਨਾਲ ਹਰਾਇਆ। ਇਨ੍ਹਾਂ ਮੈਚਾਂ ਦੌਰਾਨ ਮੇਜ਼ਬਾਨ ਖਿਡਾਰੀਆਂ ਦੇ ਸਮਰਥਕਾਂ ਨੇ ਸਟੇਡੀਅਮ ਵਿੱਚ ਕਾਫੀ ਰੌਲਾ ਪਾਇਆ, ਪਰ ਇਸ ਦਾ ਭਾਰਤੀ ਖਿਡਾਰਨਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਆਸਾਨ ਜਿੱਤਾਂ ਦਰਜ ਕੀਤੀਆਂ।

VIA PUNJAB