ਪੁਲਿਸ ਨੇ ਬੰਦ ਕੋਠੀਆਂ ’ਚੋਂ ਸਾਮਾਨ ਚੋਰੀ ਕਰਨ ਵਾਲਿਆਂ ਨੂੰ ਦਬੋਚਿਆ

ਭਾਰੀ ਮਾਤਰਾ ’ਚ ਚੌਰੀ ਦਾ ਸਾਮਾਨ ਬਰਾਮਦ

ਬੰਗਾ – ਐਸ.ਐਸ.ਪੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਦੀਪਿਕਾ ਸਿੰਘ ਡੀ.ਐਸ.ਪੀ. ਬੰਗਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੋਪਾਲ ਕ੍ਰਿਸ਼ਨ ਐਸ.ਐਚ.ਓ. ਸਿਟੀ ਬੰਗਾ ਦੀ ਟੀਮ ਨੇ ਬੰਦ ਕੋਠੀਆਂ ’ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ, ਜਦੋਂਕਿ ਉਹਨਾਂ ਦੇ 6 ਹੋਰ ਸਾਥੀ ਫ਼ਰਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਖਬਰ ਖ਼ਾਸ ਦੀ ਇਤਲਾਹ ’ਤੇ ਮਨੋਜ ਉਰਫ਼ ਰਾਜੂ, ਚੀਮਾਂ ਉਰਫ਼ ਤੇਜੀ ਅਤੇ ਜੁਬਨਾਇਲ ਨਿਵਾਸੀ ਸੋਤਰਾਂ ਰੋਡ ਬੰਗਾ ਨੂੰ ਮੁਕੰਦਪੁਰ ਰੋਡ ਪੂੰਨੀਆਂ ਫ਼ਾਟਕ ਤੋਂ ਨਾਕੇ ’ਤੇ ਕਾਬੂ ਕਰਕੇ ਇਹਨਾਂ ਪਾਸੋਂ 2 ਐਲ.ਈ.ਡੀ. ਅਤੇ 1 ਘਰੇਲੂ ਗੈਸ ਸਿਲੰਡਰ ਬਰਾਮਦ ਕੀਤਾ। ਪੁੱਛਗਿੱਛ ਵਿੱਚ ਇਹਨਾਂ ਤਿੰਨਾਂ ਕਥਿਤ ਦੋਸ਼ੀਆਂ ਨੇ ਕੋਠੀਆਂ ਵਿੱਚੋਂ ਟੂਟੀਆਂ, ਇੰਨਵਰਟਰ ਬੈਟਰੇ ਅਤੇ ਸੋਨਾ ਆਦਿ ਚੌਰੀ ਕਰਨ ਦੇ ਦੋਸ਼ ਕਬੂਲ ਕੀਤੇ। ਉਨ੍ਹਾਂ ਦੱਸਿਆ ਕਿ ਜੋ ਸਾਮਾਨ ਉਹ ਕੋਠੀਆਂ ’ਚੋਂ ਚੋਰੀ ਕਰਦੇ ਸਨ, ਉਹ ਅੱਗੇ ਸੰਜੇ ਉਰਫ਼ ਰਤਨਾ ਕਬਾੜੀਆ ਨਿਵਾਸੀ ਸੋਤਰਾ ਰੋਡ ਨੂੰ ਵੇਚ ਦਿੰਦੇ ਸਨ। ਜਦੋਂ ਪੁਲਿਸ ਨੇ ਸੰਜੇ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 45 ਕਿੱਲੋਗ੍ਰਾਮ ਟੂਟੀਆਂ, 2 ਬੈਟਰੇ, 86 ਕਿੱਲੋਗ੍ਰਾਮ ਕੱਟਿਆ ਹੋਇਆ ਸਰੀਆ, 35 ਕਿੱਲੋਗ੍ਰਾਮ ਕੱਟੀਆਂ ਹੋਈਆਂ ਸਟੀਲ ਦੀਆਂ ਪੌੜੀਆਂ ਸਮੇਤ ਛੋਟਾ ਹਾਥੀ ਗੱਡੀ ਬਰਾਮਦ ਕੀਤਾ ਹੈ। ਇਸ ਬਰਾਮਦਗੀ ਅਤੇ ਦੋਸ਼ੀਆਂ ਤੋਂ ਪੁੱਗਿੱਛ ਨਾਲ ਥਾਣਾ ਸਿਟੀ ਬੰਗਾ ਵਿੱਚ ਵੱਖ-ਵੱਖ ਟੂਟੀਆਂ ਅਤੇ ਹੋਰ ਸਾਮਾਨ ਚੋਰੀ ਦੇ ਕੁੱਲ 5 ਮੁਕੱਦਮੇ ਟਰੇਸ ਹੋਏ ਹਨ। ਕਥਿਤ ਦੋਸ਼ੀਆਂ ਦੇ 6 ਹੋਰ ਸਾਥੀ ਘਰੋਂ ਭੱਜ ਗਏ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

VIA PUNJAB