ਪੋਪ ਫਰਾਂਸਿਸ ਵੱਲੋਂ ਯੂਏਈ ਵਿਚ ਜਨਤਕ ਇਕੱਠ

ਅਬੂਧਾਬੀ – ਪੋਪ ਫਰਾਂਸਿਸ ਨੇ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਲਗਪਗ 170,000 ਕੈਥੋਲਿਕਾਂ ਦੇ ਇਤਿਹਾਸਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਖਾੜੀ ਮੁਲਕ ਵਿਚ ਪੋਪ ਆਗੂ ਦਾ ਇਹ ਪਹਿਲਾ ਦੌਰਾ ਹੈ, ਜਿੱਥੇ ਇਸਲਾਮ ਦਾ ਜਨਮ ਹੋਇਆ ਸੀ। ਇਸ ਮੌਕੇ ਲੋਕ ਪੀਲੇ ਰੰਗ ਦੇ ਵੈਟੀਕਨ ਝੰਡੇ ਅਤੇ ਬੈਨਰ ਫੜ ਕੇ ਪੋਪ ਦੇ ਸਵਾਗਤ ਲਈ ਖੜ੍ਹੇ ਸਨ। ਪੋਪ ਇੱਕ ਖੁੱਲ੍ਹੀ ਛੱਤ ਵਾਲੀ ਗੱਡੀ ਵਿਚ ਸਵਾਰ ਹੋ ਕੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਪੁੱਜੇ ਜਿੱਥੇ ਪ੍ਰਾਰਥਨਾ ਕਰਨ ਲਈ ਪ੍ਰਬੰਧ ਕੀਤਾ ਗਿਆ ਸੀ। ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਪੋਪ ਫਰਾਂਸਿਸ ਵੱਲੋਂ ਮੱਧ ਪੂਰਬ ਵਿਚ ਚੱਲ ਰਹੀ ਖਾਨਾਜੰਗੀ ਖਤਮ ਕਰਨ ਅਤੇ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਵਕਾਲਤ ਕੀਤੀ ਗਈ ਹੈ। ਇਸ ਮੌਕੇ ਪੋਪ ਨੇ ਯੂਏਈ ਵਿਚ ਰਹਿ ਰਹੇ ਹਜ਼ਾਰਾਂ ਪਰਵਾਸੀ ਕਾਮਿਆਂ ਨੂੰ ਆਪਣਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ,‘ਤੁਹਾਡੇ ਲਈ ਘਰ ਤੋਂ ਬਹੁਤ ਦੂਰ ਰਹਿਣਾ, ਆਪਣਿਆਂ ਨੂੰ ਯਾਦ ਕਰਨਾ ਤੇ ਆਪਣੇ ਭਵਿੱਖ ਪ੍ਰਤੀ ਵੀ ਅਨਿਸ਼ਚਿਤਤਾ ਮਹਿਸੂਸ ਕਰਨਾ ਆਸਾਨ ਕੰਮ ਨਹੀਂ ਹੈ, ਪਰ ਪਰਮਾਤਮਾ ਆਪਣੇ ਬੱਚਿਆਂ ਨੂੰ ਕਦੇ ਇਕੱਲਿਆਂ ਨਹੀਂ ਛੱਡਦਾ।’ ਦੱਸਣਯੋਗ ਹੈ ਕਿ ਪੋਪ ਦੀ ਇਸ ਫੇਰੀ ਦਾ ਯੂਏਈ ਦੇ ਵੱਡੀ ਗਿਣਤੀ ਪਰਵਾਸੀ ਕਾਮਿਆਂ ਸਮੇਤ ਫਿਲੀਪਿਨੋ ਅਤੇ ਭਾਰਤੀ ਕੈਥੋਲਿਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।

VIA PUNJAB