ਪੰਜਾਬ ਅਂਡ ਯੂ ਟੀ ਮੁਲਾਜਮ ਐਂਡ ਪੈਨਸ਼ਨਰ ਸੰਘਰਸ਼ ਕਮੇਟੀ ਵਲੋਂ ਪੂਡਾ ਭਵਨ ਨੇੜੇ ਧਰਨਾ

ਐਸ ਏ ਐਸ ਨਗਰ –  ਪੰਜਾਬ ਅਂਡ ਯੂ ਟੀ ਮੁਲਾਜਮ ਐਂਡ ਪੈਨਸ਼ਨਰ ਸੰਘਰਸ਼ ਕਮੇਟੀ ਜਿਲਾ ਐਸ ਏ ਐਸ ਨਗਰ ਇਕਾਈ ਵਲੋਂ ਸਥਾਨਕ ਫੇਜ 8 ਵਿੱਚ ਸਥਿਤ ਪੂਡਾ ਭਵਨ ਦੇ ਨੇੜੇ ਧਰਨਾ ਦਿਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਵਾਅਦਿਆਂ ਨੂੰ ਹੁਣ ਪੂਰਾ ਕਰਨ ਤੋਂ ਕਾਂਗਰਸ ਸਰਕਾਰ ਵਲੋਂ ਟਾਲਾ ਵਟਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਪਿਛਲੇ 22 ਮਹੀਨਿਆਂ ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਹੀਂ ਮਿਲੀਆਂ ਤੇ ਨਾ ਹੀ ਡੀ ਏ ਦੀਆਂ ਦੋ ਕਿਸ਼ਤਾਂ ਦਿਤੀਆਂ ਜਾ ਰਹੀਆਂ ਹਨ, ਜਿਸ ਕਾਰਨ ਹੁਣ ਪੰਜਾਬ ਤੇ ਚੰਡੀਗੜ੍ਹ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| ਆਪਣੀਆਂ ਮੰਗਾਂ ਮਨਵਾਉਣ ਲਈ ਹੁਣ ਮੁਲਾਜਮ ਤੇ ਪੈਨਸ਼ਨਰ ਇਕ ਝੰਡੇ ਹੇਠ ਇਕਠੇ ਹੋ ਕੇ ਸੰਘਰਸ਼ ਕਰ ਰਹੇ ਹਨ| ਉਹਨਾਂ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਦੇ ਕਨਵੀਨਰ ਅਤੇ ਕੋ ਕਨਵੀਨਰ ਲੈ ਕੇ ਇਸ ਜਥੇਬੰਦੀ ਨੂੰ ਬਣਾਇਆ ਗਿਆ ਹੈ ਅਤੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਦੋਂ ਤਕ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤਕ ਸੰਘਰਸ਼ ਜਾਰੀ ਰਖਿਆ ਜਾਵੇਗਾ| ਉਹਨਾਂ ਕਿਹਾ ਕਿ 13 ਫਰਵਰੀ ਨੂੰ ਫੇਜ 8 ਦੇ ਦਸ਼ਹਿਰਾ ਗ੍ਰਾਉਂਡ ਤੋਂ ਇਕਠੇ ਹੋਕ ੇ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ ਧਰਨਾ ਦੇਣਗੇ|ਉਹਨਾਂ ਮੰਗ ਕੀਤੀ ਕਿ ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭਤੇ ਦੇ ਬਕਾਏ ਦਿਤੇ ਜਾਣ, ਡੀ ਏ ਦੀਆਂ ਚਾਰ ਕਿਸ਼ਤਾਂ ਤੁਰੰਤ ਦਿਤੀਆਂ ਜਾਣ, ਕੈਸ਼ਲੈਸ ਸਕੀਮ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, 1.1. 16 ਤੋਂ 125 ਫੀਸਦੀ ਡੀ ਏ ਮਰਜ ਕਰਕੇ 25 ਫੀਸਦੀ ਅੰਤਰਿਮ ਰਿਲੀਫ ਦਿਤੀ ਜਾਵੇ ਅਤੇ ਸਾਰੇ ਭੱਤਿਆਂ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇ, ਅਧਿਆਪਕਾਂ ਤੇ ਆਂਗਣਵਾੜੀਆਂ ਦੇ ਮਸਲੇ ਹਲ ਕੀਤੇ ਜਾਣ| ਇਸ ਮੌਕੇ ਸੀਨੀਅਰ ਮੁਲਾਜਮ ਆਗੂ ਸੁਖਦੇਵ ਸਿੰਘ ਸੈਣੀ, ਸੱਜਣ ਸਿੰਘ, ਰਣਬੀਰ ਢਿਲੋਂ, ਮੋਹਨ ਸਿੰਘ (ਪ੍ਰਧਾਨ ਪੰਜਾਬ ਗੋਰਮਿੰਟ ਐਸੋਸੀਏਸ਼ਨ ਮੁਹਾਲੀ), ਰੋਡਵੇਜ ਆਗੂ ਮੰਗਤ ਖਾਨ, ਨੰਦ ਕਿਸ਼ੋਰ ਕਲਸੀ ਨੇ ਵੀ ਸੰਬੋਧਨ ਕੀਤਾ|

VIA PUNJAB