ਬੰਗਲਾਦੇਸ਼ ਨੇ ਜ਼ਿੰਬਾਬਵੇ ’ਤੇ ਸ਼ਿਕੰਜਾ ਕਸਿਆ

ਢਾਕਾ – ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਤਾਇਜੁਲ ਇਸਲਾਮ ਨੇ ਅੱਜ ਲਗਾਤਾਰ ਤੀਜੀ ਪਾਰੀ ਵਿੱਚ ਪੰਜ ਸ਼ਿਕਾਰ ਕੀਤੇ, ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਬਰੈਂਡਨ ਟੇਲਰ ਦੇ ਸੈਂਕੜੇ ਦੇ ਬਾਵਜੂਦ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜ਼ਿੰਬਾਬਵੇ ਖ਼ਿਲਾਫ਼ ਆਪਣੀ ਸਥਿਤੀ ਮਜ਼ਬੂਤ ਰੱਖੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਸੱਤ ਵਿਕਟਾਂ ’ਤੇ 522 ਦੌੜਾਂ ਬਣਾ ਕੇ ਐਲਾਨੀ ਸੀ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 304 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ 218 ਦੌੜਾਂ ਦੀ ਲੀਡ ਮਿਲੀ ਹੈ। ਜ਼ਿੰਬਾਬਵੇ ਨੂੰ ਸੱਤ ਸਾਲ ਵਿੱਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਲਈ ਇਸ ਟੈਸਟ ਨੂੰ ਸਿਰਫ਼ ਡਰਾਅ ਕਰਵਾਉਣ ਦੀ ਲੋੜ ਹੈ। ਜ਼ਿੰਬਾਬਵੇ ਨੇ ਸਿਲਹਟ ਵਿੱਚ ਪਹਿਲਾ ਟੈਸਟ 151 ਦੌੜਾਂ ਨਾਲ ਜਿੱਤਿਆ ਸੀ, ਜੋ ਵਿਦੇਸ਼ੀ ਧਰਤੀ ’ਤੇ 17 ਸਾਲਾਂ ਮਗਰੋਂ ਉਸ ਦੀ ਪਹਿਲੀ ਜਿੱਤ ਸੀ। ਤਾਇਜ਼ੁਲ ਨੇ ਰੇਗਿਸ ਚਕਾਬਵਾ (ਦਸ ਦੌੜਾਂ) ਨੂੰ ਆਊਟ ਕਰਕੇ ਪੰਜਵੀਂ ਵਿਕਟ ਲਈ, ਜਿਸ ਮਗਰੋਂ ਜ਼ਿੰਬਾਬਵੇ ਦੀ ਪਾਰੀ ਖ਼ਤਮ ਹੋ ਗਈ, ਕਿਉਂਕਿ ਤੇਂਡਾਈ ਚਤਾਰਾ ਸੱਟ ਕਾਰਨ ਬੱਲੇਬਾਜ਼ੀ ਨਹੀਂ ਕਰ ਸਕਿਆ। ਜ਼ਿੰਬਾਬਵੇ ਦੀ ਟੀਮ ਟੇਲਰ (194 ਗੇਂਦਾਂ ਵਿੱਚ 110 ਦੌੜਾਂ) ਦੇ ਸੈਂਕੜੇ ਅਤੇ ਪੀਟਰ ਮੂਰੇ ਦੀ ਕਰੀਅਰ ਦੀ ਸਰਵੋਤਮ 83 ਦੌੜਾਂ ਦੀ ਪਾਰੀ ਦੀ ਬਦੌਲਤ ਫਾਲੋਆਨ ਟਾਲਣ ਦੇ ਨੇੜੇ ਪਹੁੰਚੀ ਸੀ। ਇਨ੍ਹਾਂ ਦੋਵਾਂ ਨੇ ਉਸ ਸਮੇਂ ਛੇਵੀਂ ਵਿਕਟ ਲਈ 139 ਦੌੜਾਂ ਜੋੜੀਆਂ, ਜਦੋਂ ਟੀਮ 131 ਦੌੜਾਂ ’ਤੇ ਪੰਜ ਵਿਕਟਾਂ ਗੁਆਉਣ ਬਾਅਦ ਸੰਕਟ ਵਿੱਚ ਸੀ।

VIA PUNJAB