ਭਾਰਤੀ ਕ੍ਰਿਕਟ ਟੀਮ ਦੀ ਚੋਣ

ਸ਼ਿਖਰ ਧਵਨ ਤੇ ਰਿਧੀਮਾਨ ਸਾਹਾ ਦੀ ਵਾਪਸੀ; ਵਿਰਾਟ ਕੋਹਲੀ ਨੂੰ ਵਿੰਡੀਜ਼ ਦੌਰੇ ਤੋਂ ਆਰਾਮ ਨਹੀਂ

ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਅੰਗੂਠੇ ਦੀ ਸੱਟ ਠੀਕ ਹੋਣ ਮਗਰੋਂ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂਕਿ ਚੋਣਕਾਰਾਂ ਨੇ ਵੈਸਟ ਇੰਡੀਜ਼ ਦੌਰੇ ਲਈ ਅੱਜ ਐਲਾਨੀ ਟੀਮ ਵਿੱਚ ਰਿਸ਼ਭ ਪੰਤ ਨੂੰ ਥਾਂ ਦੇ ਕੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਬਦਲ ਵਜੋਂ ਕੰਮ ਕਰਨ ਦੇ ਸੰਕੇਤ ਦਿੱਤੇ ਹਨ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੈਸਟ ਇੰਡੀਜ਼ ਦੌਰੇ ਤੋਂ ਆਰਾਮ ਨਹੀਂ ਦਿੱਤਾ ਗਿਆ। ਵਿਸ਼ਵ ਕੱਪ ਮਗਰੋਂ ਅਜਿਹੀਆਂ ਸੰਭਾਵਨਾਵਾਂ ਸਨ, ਕਿ ਇਸ ਮੌਕੇ ਆਰਾਮ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਆਪਣੇ ਸ਼ਾਨਦਾਰ ਕਰੀਅਰ ਦੇ ਆਖ਼ਰੀ ਪੜਾਅ ’ਤੇ ਚੱਲ ਰਹੇ ਸਾਬਕਾ ਭਾਰਤੀ ਕਪਤਾਨ ਧੋਨੀ ਨੇ ਵਿੰਡੀਜ਼ ਦੇ ਦੌਰੇ ਦੌਰਾਨ ਖ਼ੁਦ ਲਈ ‘ਰੁਝੇਵਾਂ’ ਰੱਖਿਆ ਹੈ, ਪਰ ਤੁਰੰਤ ਸੰਨਿਆਸ ਲੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ।ਨੌਜਵਾਨ ਲੈੱਗ ਸਪਿੰਨਰ ਰਾਹੁਲ ਚਾਹਰ ਵੈਸਟ ਇੰਡੀਜ਼ ਦੌਰੇ ਲਈ ਇਕਲੌਤਾ ਨਵਾਂ ਚਿਹਰਾ ਹੈ, ਜਦਕਿ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ। ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਦੀ ਵੀ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ। ਉਭਰਦੇ ਹੋਏ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ।ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਟੀ-20, ਇੱਕ ਰੋਜ਼ਾ ਅਤੇ ਅਤੇ ਟੈਸਟ ਲੜੀ ਲਈ ਟੀਮਾਂ ਦਾ ਅੱਜ ਐਲਾਨ ਕੀਤਾ ਹੈ। ਅਨੁਭਵੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਵੀ ਟੀਮ ਵਿੱਚ ਲਿਆ ਗਿਆ ਹੈ। ਆਈਪੀਐਲ 2018 ਦੌਰਾਨ ਲੱਗੀ ਸੱਟ ਠੀਕ ਹੋਣ ਮਗਰੋਂ ਉਸ ਦੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਸਾਹਾ ਨੇ ਪਿਛਲਾ ਟੈਸਟ ਜਨਵਰੀ 2018 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ। ਰਾਜਸਥਾਨ ਦੇ ਲੈੱਗ ਸਪਿੰਨਰ ਚਾਹਰ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਟੀ-20 ਟੀਮ ਵਿੱਚ ਥਾਂ ਬਣਾਈ ਹੈ। ਉਹ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਰਿਸ਼ਤੇ ਵਿੱਚ ਛੋਟਾ ਭਰਾ ਹੈ। ਦੀਪਕ ਨੂੰ ਵੀ ਟੀ-20 ਵਿੱਚ ਮੌਕਾ ਮਿਲਿਆ ਹੈ। ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਰਹੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਹਾਰਦਿਕ ਅਤੇ ਜਸਪ੍ਰੀਤ ਬੁਮਰਾਹ ਨੂੰ ਉਨ੍ਹਾਂ ’ਤੇ ਕੰਮ ਦੇ ਬੋਝ ਨੂੰ ਵੇਖਦਿਆਂ ਆਰਾਮ ਦਿੱਤਾ ਗਿਆ ਹੈ। ਹਾਲਾਂਕਿ ਬੁਮਰਾਹ ਟੈਸਟ ਟੀਮ ਵਿੱਚ ਖੇਡੇਗਾ।ਕਈ ਖਿਡਾਰੀਆਂ ਨੂੰ ਉਨ੍ਹਾਂ ਵੱਲੋਂ ਭਾਰਤ ‘ਏ’ ਟੀਮ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ ’ਤੇ ਚੁਣਿਆ ਗਿਆ। ਮੁੱਖ ਚੋਣਕਾਰ ਪ੍ਰਸਾਦ ਨੇ ਕਿਹਾ, ‘‘ਸਾਡਾ ਮੌਖਿਕ ਨਿਯਮ ਹੈ ਕਿ ਜਦੋਂ ਕੋਈ ਸਥਾਪਿਤ ਕ੍ਰਿਕਟਰ ਜ਼ਖ਼ਮੀ ਹੁੰਦਾ ਹੈ ਤਾਂ ਉਸ ਨੂੰ ਵਾਪਸੀ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹੀ ਮੌਕਾ ਅਸੀਂ ਸਾਹਾ ਨੂੰ ਦਿੱਤਾ ਹੈ।’’ ਜ਼ਖ਼ਮੀ ਵਿਜੈ ਸ਼ੰਕਰ ਦੀ ਥਾਂ ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਥਾਂ ਬਣਾਉਣ ਵਾਲੇ ਪੰਤ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

VIA PUNJAB