ਭਾਰਤ ਨੂੰ ਮਿਲਿਆ 194 ਦੌੜਾਂ ਦਾ ਟੀਚਾ

ਬਰਮਿੰਘਮ- ਕਪਤਾਨ ਵਿਰਾਟ ਕੋਹਲੀ ਨੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ਵਿਚਾਲੇ ਸਬਰ ਤੇ ਕਲਾ ਦਾ ਬੇਜੋੜ ਨਮੂਨਾ ਪੇਸ਼ ਕਰਦਿਆਂ 149 ਦੌੜਾਂ ਦੀ ਕਪਤਾਨੀ ਦੀ ਜ਼ਿੰਮੇਵਾਰੀ ਭਰੀ ਪਾਰੀ ਖੇਡ ਕੇ ਭਾਰਤ ਦਾ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਸਨਮਾਨ ਬਚਾਅ ਲਿਆ। ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ਵਿਚ 274 ਦੌੜਾਂ ਬਣਾਈਆਂ। ਇੰਗਲੈਂਡ ਨੂੰ ਪਹਿਲੀ ਪਾਰੀ ਵਿਚ ਸਿਰਫ 13 ਦੌੜਾਂ ਦੀ ਬੜ੍ਹਤ ਹਾਸਲ ਹੋਈ। ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ਗੁਆ ਕੇ 9 ਦੌੜਾਂ ਬਣਾ ਲਈਆਂ ਹਨ ਤੇ ਉਸ ਦੀ ਕੁਲ ਬੜ੍ਹਤ 22 ਦੌੜਾਂ ਦੀ ਹੋ ਗਈ ਹੈ। ਪਹਿਲੀ ਪਾਰੀ ਵਿਚ 4 ਵਿਕਟਾਂ ਲੈਣ ਵਾਲੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਜਿਵੇਂ ਹੀ ਓਪਨਰ ਐਲਿਸਟਰ ਕੁਕ ਨੂੰ ਬੋਲਡ ਕੀਤਾ, ਦਿਨ ਦੀ ਖੇਡ ਖਤਮ ਹੋ ਗਈ। ਅਸ਼ਵਿਨ ਨੇ ਪਹਿਲੀ ਪਾਰੀ ਵਿਚ ਵੀ ਕੁਕ ਨੂੰ ਬੋਲਡ ਹੀ ਕੀਤਾ ਸੀ। ਸਟੰਪਸ ਦੇ ਸਮੇਂ ਕੀਟਨ ਜੇਨਿੰਗਸ 5 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹੈ। ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਵਿਰਾਟ ਦੇ ਨਾਂ ਰਿਹਾ, ਜਿਸ ਨੇ ਆਪਣੇ ਕਰੀਅਰ ਦਾ 22ਵਾਂ ਟੈਸਟ ਸੈਂਕੜਾ ਲਾਉਂਦਿਆਂ 2014 ਦੇ ਪਿਛਲੇ ਦੌਰੇ ਦੀਆਂ ਸਾਰੀਆਂ ਬੁਰੀਆਂ ਯਾਦਾਂ ਨੂੰ ਇਕ ਝਟਕੇ ਵਿਚ ਹੀ ਪਿੱਛੇ ਛੱਡ ਦਿੱਤਾ। ਵਿਰਾਟ ਦਾ ਇੰਗਲੈਂਡ ਦੀ ਧਰਤੀ ‘ਤੇ ਇਹ ਪਹਿਲਾ ਸੈਂਕੜਾ ਹੈ। ਭਾਰਤੀ ਕਪਤਾਨ 225 ਗੇਂਦਾਂ ‘ਤੇ 22 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 149 ਦੌੜਾਂ ਬਣਾ ਕੇ ਆਖਰੀ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ। ਉਸ ਨੇ ਆਪਣੀ ਪਾਰੀ ਦਾ ਇਕਲੌਤਾ ਛੱਕਾ ਲੈੱਗ ਸਪਿਨਰ ਆਦਿਲ ਰਾਸ਼ਿਦ ਦੀ ਗੇਂਦ ‘ਤੇ ਮਾਰਿਆ ਪਰ ਅਗਲੀ ਗੇਂਦ ‘ਤੇ ਸਟੂਅਰਟ ਬ੍ਰਾਡ ਨੂੰ ਕੈਚ ਦੇ ਬੈਠਾ ਤੇ ਇਸ ਦੇ ਨਾਲ ਹੀ ਭਾਰਤੀ ਪਾਰੀ 76 ਓਵਰਾਂ ਵਿਚ ਖਤਮ ਹੋ ਗਈ। ਭਾਰਤ ਦੀਆਂ 8 ਵਿਕਟਾਂ 182 ਦੌੜਾਂ ਤੱਕ ਡਿੱਗ ਗਈਆਂ ਸਨ ਪਰ ਵਿਰਾਟ ਨੇ ਇਸ਼ਾਂਤ ਸ਼ਰਮਾ (5) ਨਾਲ 9ਵੀਂ ਵਿਕਟ ਲਈ 35 ਦੌੜਾਂ ਤੇ ਉਮੇਸ਼ ਯਾਦਵ (1) ਨਾਲ ਆਖਰੀ ਵਿਕਟ ਲਈ 57 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਇੰਗਲੈਂਡ ਨੂੰ ਜ਼ਿਆਦਾ ਬੜ੍ਹਤ ਲੈਣ ਤੋਂ ਰੋਕ ਦਿੱਤਾ। ਇਸ਼ਾਂਤ ਨੇ ਆਪਣੀਆਂ 5 ਦੌੜਾਂ ਲਈ 17 ਗੇਂਦਾਂ ਤੇ ਯਾਦਵ ਨੇ ਇਕ ਦੌੜ ਲਈ 16 ਗੇਂਦਾਂ ਖੇਡੀਆਂ। ਵਿਰਾਟ ਨੇ ਆਖਰੀ ਦੋ ਵਿਕਟਾਂ ਲਈ 92 ਦੌੜਾਂ ਜੋੜ ਕੇ ਭਾਰਤ ਦਾ ਸਨਮਾਨ ਬਚਾ ਲਿਆ। ਇਸ਼ਾਂਤ ਆਪਣੀ ਪਾਰੀ ਦੌਰਾਨ ਦੋ ਵਾਰ ਡੀ. ਆਰ. ਐੱਸ. ਲੈ ਕੇ ਬਚਿਆ। ਇਸ ਤੋਂ ਪਹਿਲਾਂ ਸਵੇਰੇ ਇੰਗਲੈਂਡ ਦੀ ਟੀਮ 9 ਵਿਕਟਾਂ ‘ਤੇ 285 ਦੌੜਾਂ ਤੋਂ ਅੱਗੇ ਖੇਡਣ ਉਤਰੀ ਤੇ ਉਸ ਨੇ 2 ਦੌੜਾਂ ਜੋੜ ਕੇ ਸਵੇਰੇ ਹੀ ਦੂਜੇ ਓਵਰ ਵਿਚ ਕਿਊਰੇਨ (24) ਦੇ ਰੂਪ ਵਿਚ ਆਪਣੀ ਆਖਰੀ ਵਿਕਟ ਵੀ ਗੁਆ ਦਿੱਤੀ, ਜਿਸ ਨੂੰ ਸ਼ੰਮੀ ਦੀ ਗੇਂਦ ‘ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਕੈਚ ਆਊਟ ਕੀਤਾ। ਆਰ. ਅਸ਼ਵਿਨ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 62 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।

VIA PUNJAB