ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ – ਇਕ ਸਾਲ ਤੋਂ ਵੀ ਵੱਧ ਅਰਸੇ ਬਾਅਦ ਪਹਿਲੀ ਵਾਰ ਇਕ-ਰੋਜ਼ਾ ਮੈਚ ਖੇਡ ਰਹੇ ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਦਿਖਾਈ ਬਾਜ਼ਬਤ ਖੇਡ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਇਕ ਹੋਰ ਨੀਮ ਸੈਂਕੜੇ ਵਾਲੀ ਨਾਬਾਦ ਪਾਰੀ ਸਦਕਾ ਭਾਰਤ ਨੇ ਅੱਜ ਇਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ-4 ਦੌਰ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 82 ਗੇਂਦਾਂ (13.4 ਓਵਰ) ਬਾਕੀ ਰਹਿੰਦਿਆਂ ਹੀ ਜਿੱਤ ਲਈ 174 ਦੌੜਾਂ ਦਾ ਆਸਾਨ ਟੀਚਾ ਸਰ ਕਰ ਲਿਆ। ਪਹਿਲਾਂ ਭਾਰਤ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦਿੱਤੇ ਜਾਣ ’ਤੇ ਬੰਗਲਾਦੇਸ਼ ਦੀ ਟੀਮ 49.1 ਓਵਰਾਂ ਵਿੱਚ 173 ਦੌੜਾਂ ਬਣਾ ਕੇ ਹੀ ਢੇਰੀ ਹੋ ਗਈ। ਰੋਹਿਤ ਸ਼ਰਮਾ ਨੇ ਸ਼ਾਨਦਾਰ 83 ਨਾਬਾਦ ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਸ਼ਿਖਰ ਧਵਨ 40 ਅਤੇ ਮਹਿੰਦਰ ਸਿੰਘ ਧੋਨੀ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਜ਼ਖ਼ਮੀ ਹਾਰਦਿਕ ਪਾਂਡਿਆ ਦੀ ਥਾਂ ਟੀਮ ਵਿੱਚ ਲਏ ਗਏ ਜਡੇਜਾ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਉਂਦਿਆਂ 10 ਓਵਰਾਂ ਵਿੱਚ 29 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਇਸ ਤਰ੍ਹਾਂ ਇਸ ਖੱਬੂ ਫਿਰਕੀ ਗੇਂਦਬਾਜ਼ ਨੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਆਪਣੀ ਦਾਅਵੇਦਾਰੀ ਫਿਰ ਪੇਸ਼ ਕੀਤੀ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (32 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (37 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਵੀ ਜਡੇਜਾ ਦਾ ਚੰਗਾ ਸਾਥ ਦਿੱਤਾ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ਼ (42) ਅਤੇ ਕਪਤਾਨ ਮਸ਼ਰੇਫੀ ਮੁਰਤਜ਼ਾ (26) ਨੇ ਅੱਠਵੀਂ ਵਿਕਟ ਲਈ 66 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਦੀ ਟੀਮ ਟੀਚਾ ਦੇਣ ਦੇ ਸਨਾਮਨਜਨਕ ਸਕੋਰ ਤੱਕ ਪਹੁੰਚ ਸਕੀ। ਭੁਵਨੇਸ਼ਵਰ ਅਤੇ ਬੁਮਰਾਹ ਨੇ ਸਲਾਮੀ ਜੋੜੀ ਨੂੰ ਛੇਤੀ ਆਊਟ ਕਰਕੇ ਭਾਰਤ ਨੂੰ ਮੁੜ ਤੋਂ ਚੰਗੀ ਸ਼ੁਰੂਆਤ ਦਿਵਾਈ, ਜਦਕਿ ਜਡੇਜਾ ਨੇ ਮੱਧਕ੍ਰਮ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਬੰਗਲਾਦੇਸ਼ ਦਾ ਸਕੋਰ ਪੰਜ ਵਿਕਟਾਂ ’ਤੇ 65 ਦੌੜਾਂ ਹੋ ਗਿਆ। ਭੁਵਨੇਸ਼ਵਰ ਅਤੇ ਬੁਮਰਾਹ ਨੇ ਸ਼ੁਰੂ ਤੋਂ ਕਿਫ਼ਾਇਤੀ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ਾਂ ’ਤੇ ਦਬਾਅ ਬਣਾ ਕੇ ਰੱਖਿਆ। ਇਸ ਦੇ ਉਨ੍ਹਾਂ ਨੂੰ ਹਾਂ-ਪੱਖੀ ਨਤੀਜੇ ਵੀ ਮਿਲੇ, ਜਦੋਂ ਭੁਵਨੇਸ਼ਵਰ ਦੀ ਗੇਂਦ ਨੂੰ ਛੇੜਨ ਦੇ ਯਤਨ ਵਿੱਚ ਲਿੱਟਨ ਦਾਸ (ਸੱਤ) ਕੇਦਾਰ ਜਾਧਵ ਨੂੰ ਕੈਚ ਦੇ ਬੈਠਿਆ। ਬੁਮਰਾਹ ਨੇ ਅਗਲੇ ਓਵਰ ਵਿੱਚ ਦੂਜੇ ਸਲਾਮੀ ਬੱਲੇਬਾਜ਼ ਨਜ਼ਮੁਲ ਹੁਸੈਨ (ਸੱਤ) ਨੂੰ ਆਊਟ ਕੀਤਾ। ਲਗਪਗ 14 ਮਹੀਨਿਆਂ ਮਗਰੋਂ ਆਪਣਾ ਪਹਿਲਾ ਇੱਕ ਰੋਜ਼ਾ ਖੇਡ ਰਹੇ ਜਡੇਜਾ ਦੀ ਦਸਵੇਂ ਓਵਰ ਵਿੱਚ ਗੇਂਦ ਰੁਕੀ। ਸ਼ਾਕਿਬ ਅਲ ਹਸਨ (17) ਨੇ ਦੋ ਚੌਕੇ ਮਾਰ ਕੇ ਉਸ ਦਾ ਸਵਾਗਤ ਕੀਤਾ, ਪਰ ਫ਼ਿਰਕੀ ਗੇਂਦਬਾਜ਼ ਨੇ ਛੇਤੀ ਹੀ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਤੋਂ ਬਾਅਦ ਜਡੇਜਾ ਨੇ ਮੁਹੰਮਦ ਮਿਥੁਨ (ਨੌਂ) ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਫਿਰ ਮੁਸ਼ਫਿਕੁਰ ਰਹੀਮ (45 ਗੇਂਦਾਂ ’ਤੇ 21 ਦੌੜਾਂ) ਦੀ ਪਾਰੀ ਦਾ ਅੰਤ ਕੀਤਾ। ਜਡੇਜਾ ਦੀ ਮੌਜੂਦਗੀ ਕਾਰਨ ਪਾਕਿਸਤਾਨ ਖ਼ਿਲਾਫ਼ ਤਿੰਨ ਵਿਕਟਾਂ ਲੈਣ ਵਾਲੇ ਜਾਧਵ ਨੂੰ ਅੱਜ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲਿਆ। ਬੰਗਲਾਦੇਸ਼ ਦੀ ਟੀਮ ਆਖ਼ਰੀ 32ਵੇਂ ਓਵਰ ਵਿੱਚ 100 ਦੌੜਾਂ ’ਤੇ ਪਹੁੰਚੀ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ।

VIA PUNJAB