ਸਮਲਿੰਗੀ ਜੋੜਿਆਂ ਨੂੰ ਨਹੀਂ ਮਿਲ ਸਕਦੇ ਅਮਰੀਕਾ ਦਾ ਡਿਪੈਂਡੈਂਟ ਵੀਜ਼ਾ

ਨਿਊਯਾਰਕ – ਅਮਰੀਕਾ ਵਿਚ ਸਮਲਿੰਗੀ ਜੋੜਿਆਂ ਨੂੰ ਡਿਪੈਂਡੈਂਟ ਵੀਜ਼ਾ ਨਹੀਂ ਮਿਲ ਸਕਦਾ| ਇਸ ਸਬੰਧੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਉਥੇ ਕੰਮ ਕਰਦੇ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਆਪਣੇ ਸਮਲਿੰਗੀ ਪਾਰਟਨਰ ਲਈ ਡਿਪੈਂਡੈਂਟ ਵੀਜ਼ਾ ਲਈ ਅਪਲਾਈ ਕੀਤਾ| ਮੁੰਬਈ ਦੇ ਰਾਕੇਸ਼ (ਬਦਲਿਆ ਹੋਇਆ ਨਾਮ) ਕੋਲ ਅਮਰੀਕਾ ਦਾ ਐਚ-1ਬੀ ਵੀਜ਼ਾ ਹੈ ਅਤੇ ਉਹ ਉਥੇ ਕੰਮ ਕਰਦਾ ਹੈ| ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਨੇ ਆਪਣੇ ਸਮਲਿੰਗੀ ਪਾਰਟਨਰ ਲਈ ਐਚ-4 ਵੀਜ਼ਾ ਲਈ ਅਪਲਾਈ ਕੀਤਾ ਤਾਂ ਉਸ ਦੇ ਪਾਰਟਨਰ ਨੂੰ ਇਹ ਵੀਜ਼ਾ ਨਹੀਂ ਦਿੱਤਾ ਗਿਆ| ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਵਿਚ ਬਿਨਾ ਵਿਆਹ ਦੇ ਰਿਸ਼ਤਿਆਂ ਨੂੰ ਮਾਨਤਾ ਨਹੀਂ ਹੈ ਅਤੇ ਉਨ੍ਹਾਂ ਨੂੰ ‘ਡਿਪੈਂਡੈਂਟ ਵੀਜ਼ਾ’ ਨਹੀਂ ਮਿਲਦਾ| ਭਾਰਤੀ ਸੁਪਰੀਮ ਕੋਰਟ ਨੇ ਹਾਲ ਵਿਚ ਹੀ ਸਮਲਿੰਗੀ ਹੋਣ ਨੂੰ ਅਪਰਾਧ ਦੇ ਦਾਇਰੇ ਵਿਚੋਂ ਬਾਹਰ ਕਰ ਦਿੱਤਾ ਸੀ ਭਾਵੇਂਕਿ ਹਾਲੇ ਵੀ ਭਾਰਤ ਵਿਚ ਸਮਲਿੰਗੀ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ| ਉਥੇ ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਵਿਚ ਉਨ੍ਹਾਂ ਸਮਲਿੰਗੀ ਪਾਰਟਨਰਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਵਿਚ ਛੋਟ ਮਿਲਦੀ ਹੈ ਜਿਹੜੇ ਲੰਬੇ ਸਮੇਂ ਤੱਕ ਇਕੱਠੇ ਰਹਿ ਰਹੇ ਹੋਣ| ‘ਇਜੀ ਮਾਈਗ੍ਰੇਟਿੰਗ ਕੰਸਲਟੇਂਸੀ ਸਰਵਿਸਿਜ਼’ ਦੇ ਕਰਮਚਾਰੀ ਸਾਇਰਸ ਮਿਸਤਰੀ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਆਸਟ੍ਰੇਲੀਆ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਮਿਲਣ ਤੋ ਪਹਿਲਾਂ ਉਥੇ ਵੀ ਸਮਲਿੰਗੀ ਜੋੜਿਆਂ ਲਈ ਵੱਖਰੇ ਕਾਨੂੰਨ ਸਨ| ਇੱਥੇ ਸਬੂਤ ਦੇ ਤੌਰ ਉਤੇ ਸਮਲਿੰਗੀ ਜੋੜੇ ਜੁਆਇੰਟ ਖਾਤੇ, ਜੁਆਇੰਟ ਟ੍ਰੈਵਲ, ਇਕ ਹੀ ਪਤੇ ਉਤੇ ਆਉਣ ਵਾਲੀਆਂ ਮੇਲ ਜਾਂ ਆਪਣੀ ਤਸਵੀਰ ਪੇਸ਼ ਕਰ ਸਕਦੇ ਹਨ| ਬ੍ਰਿਟੇਨ ਜਾਣ ਵਾਲੇ ਨਾਗਰਿਕ ਆਪਣੇ ਸਮਲਿੰਗੀ ਪਾਰਟਨਰ ਲਈ ਡਿਪੈਂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ| ਇਸ ਲਈ ਉਨ੍ਹਾਂ ਦਾ 2 ਸਾਲ ਇਕੱਠੇ ਰਹਿਣਾ ਜ਼ਰੂਰੀ ਹੈ| ਇਮੀਗ੍ਰੇਸ਼ਨ ਡਾਟ ਕਾਮ ਦੇ ਰਾਜੀਵ ਖੰਨਾ ਨੇ ਦੱਸਿਆ ਕਿ ਐਚ-1ਬੀ ਵੀਜ਼ਾ ਧਾਰਕਾਂ ਲਈ ਇਹ ਸੰਭਵ ਹੈ ਕਿ ਉਹ ਆਪਣੇ ਸਮਲਿੰਗੀ ਪਾਰਟਨਰ ਨਾਲ ਉਸ ਦੇਸ਼ ਵਿਚ ਵਿਆਹ ਕਰ ਲੈਣ ਜਿੱਥੇ ਇਸ ਨੂੰ ਮਾਨਤਾ ਮਿਲੀ ਹੋਈ ਹੈ| ਇਸ ਮਗਰੋਂ ਉਹ ਆਪਣੇ ਸਾਥੀ ਨੂੰ ਸਪਾਂਸਰ ਕਰ ਸਕਦੇ ਹਨ|

VIA PUNJAB