ਭਾਰਤ ਵਿੱਚ ਤੰਬਾਕੂ ਦੇ ਕਾਰਨ ਹਰ ਸਾਲ ਹੁੰਦੀਆਂ ਹਨ 12 ਲੱਖ ਮੌਤਾਂ : ਪ੍ਰਦੀਪ ਕੁਮਾਰ

ਐਸ. ਏ. ਐਸ. ਨਗਰ – ਪਿਛਲੇ ਕਾਫੀ ਸਾਲਾਂ ਤੋਂ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਕੰਮ ਕਰ ਰਹੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੁਹਾਲੀ ਨੇ ‘ਸੰਸਾਰ ਤੰਬਾਕੂ ਰਹਿਤ ਦਿਹਾੜੇ’ ਦੇ ਮੌਕੇ ਤੇ ਇੱਕ ਪ੍ਰੋਗਰਾਮ ਖਾਲਸਾ ਕਾਲਜ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ, ਫੇਜ਼ 3ਏ ਵਿਖੇ ਕਰਵਾਇਆ| ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਮੱਟੂ, ਸੰਯੁਕਤ ਕਮਿਸ਼ਨਰ, ਡਰੱਗ ਪ੍ਰਸ਼ਾਸਨ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਤੇ ਹੋਰ ਸਕੇ ਸੰਬੰਧੀਆਂ ਨਾਲ ਸ਼ਿਰਕਤ ਕੀਤੀ ਅਤੇ ਤੰਬਾਕੂ ਦੇ ਸਰੀਰ ਅਤੇ ਸਮਾਜ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ|ਇਸ ਮੌਕੇ ਬੋਲਦਿਆਂ ਸ੍ਰੀ ਪ੍ਰਦੀਪ ਕੁਮਾਰ ਮੱਟੂ ਨੇ ਕਿਹਾ ਕਿ ਤੰਬਾਕੂ ਮੌਜੂਦਾ ਦੌਰ ਵਿੱਚ ਮਨੁੱਖੀ ਸਮਾਜ ਦੀ ਸਿਹਤ ਲਈ ਸੱਭ ਤੋਂ ਵੱਡੀਆਂ ਚੁਣੌਤੀਆਂ ਵਿੱਚੋ ਇੱਕ ਹੈ| ਉਹਨਾਂ ਦਾਅਵਾ ਕੀਤਾ ਕਿ ਹਰ ਸਾਲ ਸੰਸਾਰ ਵਿੱਚ 70 ਲੱਖ ਅਤੇ ਭਾਰਤ ਵਿੱਚ 12 ਲੱਖ ਲੋਕਾਂ ਦੀ ਮੌਤ ਤੰਬਾਕੂ ਦੀ ਵਰਤੋਂ ਕਰਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੁੰਦੀ ਹੈ| ਉਹਨਾਂ ਕਿਹਾ ਕਿ ਇਹ ਅਣਆਈਆਂ ਮੌਤਾਂ ਹਨ ਜਿਹਨਾਂ ਨੂੰ ਰੋਕਿਆ ਜਾ ਸਕਦਾ ਹੈ|ਇਸ ਮੌਕੇ ਸਿਹਤ ਵਿਭਾਗ ਦੇ ਸਹਾਇਕ ਨਿਰਦੇਸ਼ਕ ਤੇ ਐਨ. ਸੀ.ਡੀ. ਪ੍ਰੋਗਰਾਮ ਦੇ ਇੰਚਾਰਜ ਡਾ. ਜੀ. ਬੀ. ਸਿੰਘ ਨੇ ਕਿਹਾ ਕਿ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਜਿਵੇਂ ਕੈਂਸਰ, ਦਿਲ ਦੇ ਰੋਗ, ਦੌਰੇ, ਵਧਦਾ ਬਲੱਡ ਪ੍ਰੈਸ਼ਰ, ਸੂਗਰ ਆਦਿ ਪਿੱਛੇ ਵੀ ਤੰਬਾਕੂ ਇੱਕ ਕਾਰਨ ਹੈ| ਉਹਨਾਂ ਦੱਸਿਆ ਕਿ ਮੂੰਹ ਦੇ ਕੈਂਸਰ ਦੇ ਪੂਰੀ ਦੁਨੀਆ ਦੇ 90 ਪ੍ਰਤੀਸ਼ਤ ਤੋਂ ਵੀ ਵੱਧ ਰੋਗੀ ਭਾਰਤ ਵਿੱਚ ਪਾਏ ਜਾਂਦੇ ਹਨ ਜਿਸ ਦਾ ਮੁੱਖ ਕਾਰਨ ਤੰਬਾਕੂ ਅਤੇ ਪਾਨ-ਮਸਾਲੇ ਦਾ ਸੇਵਨ ਕਰਨਾ ਹੈ|ਪ੍ਰੋਗਰਾਮ ਦੌਰਾਨ ਬੋਲਦਿਆਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਕਿਹਾ ਕਿ ਤੰਬਾਕੂ ਨਾ ਸਿਰਫ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਆਰਥਿਕ ਤੌਰ ਤੇ ਵੀ ਹਾਨੀ ਪਹੁੰਚਾਉਂਦਾ ਹੈ| ਉਹਨਾਂ ਦਾਅਵਾ ਕੀਤਾ ਕਿ ਵਾਤਾਵਰਨ ਨੂੰ ਵੀ ਇਸਦਾ ਨੁਕਸਾਨ ਹੈ| ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਨਾ ਸਿਰਫ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਬਲਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਵਿੱਚ ਮੋਟਾਪੇ ਅਤੇ ਟਰਾਂਸਫੈਟ ਤੋਂ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵੀ ਜਾਗਰੂਕ ਕਰੇਗੀ| ਇਸ ਮੌਕੇ ਸੰਸਥਾ ਵੱਲੋਂ 16 ਮਈ ਨੂੰ ਮੁਹਾਲੀ ਵਿਖੇ ਕਰਵਾਏ ਗਏ 22ਵੇਂ ਅੰਤਰ-ਸਕੂਲ ਪੇਂਟਿੰਗ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ| ਇਹਨਾਂ ਮੁਕਾਬਲਿਆਂ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਿਵਾਲਿਕ ਸਕੂਲ ਦੂਜੇ ਸਥਾਨ ਤੇ ਰਿਹਾ| ਸੰਸਥਾ ਦੀ ਮੀਤ ਪ੍ਰਧਾਨ ਬੀਬੀ ਸੁਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਸੰਸਥਾ ਦੀ ਬਾਨੀ ਅਤੇ ਸਾਬਕਾ ਪ੍ਰਧਾਨ ਸਵ. ਬੀਬੀ ਅਮਤੇਸ਼ਵਰ ਕੌਰ ਵੱਲੋਂ 22 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੰਸਥਾ ਅੱਜ ਵੀ ਓਨੀ ਹੀ ਸ਼ਿੱਦਤ ਨਾਲ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਜਿੰਨੀ ਸ਼ਿੱਦਤ ਨਾਲ ਇਸਦੀ ਸ਼ੁਰੂਆਤ ਕੀਤੀ ਗਈ ਸੀ| ਇਸ ਮੌਕੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਪੰਜਾਬ ਦੀ ਨੋਡਲ ਅਫਸਰ ਡਾ. ਨਿਰਲੇਪ ਕੌਰ ਅਤੇ ਹਰਿਆਣਾ ਦੀ ਸੂਬਾਈ ਨੋਡਲ ਅਫਸਰ ਡਾ. ਰੀਟਾ ਕੋਟਵਾਲ, ਸੰਸਥਾ ਦੇ ਸਕੱਤਰ ਵਿਪਿਨ ਨਾਗੀ, ਮੀਡਿਆ ਸਲਾਹਕਾਰ ਹਾਕਮ ਸਿੰਘ ਜਵੰਧਾ, ਡਾ. ਆਸਥਾ ਬੱਗਾ ਆਦਿ ਹਾਜ਼ਿਰ ਸਨ|

VIA PUNJAB