ਮਹਿਮੂਦੁੱਲ੍ਹਾ ਦਾ ਸੈਂਕੜਾ, ਬੰਗਲਾਦੇਸ਼ ਦੀ ਸਥਿਤੀ ਮਜ਼ਬੂਤ

ਢਾਕਾ – ਮਹਿਮੂਦੁੱਲ੍ਹਾ ਨੇ ਅੱਠ ਸਾਲ ਤੋਂ ਵੀ ਵੱਧ ਸਮੇਂ ਵਿੱਚ ਪਹਿਲਾ ਸੈਂਕੜਾ ਮਾਰਿਆ, ਜਿਸ ਨਾਲ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 443 ਦੌੜਾਂ ਦਾ ਟੀਚਾ ਦੇਣ ਮਗਰੋਂ ਦੂਜੇ ਟੈਸਟ ਦੇ ਚੌਥੇ ਦਿਨ ਅੱਜ ਇੱਥੇ ਮਹਿਮਾਨ ਟੀਮ ਦਾ ਸਕੋਰ ਦੋ ਵਿਕਟਾਂ ’ਤੇ 76 ਦੌੜਾਂ ਹੋ ਗਿਆ। ਮਹਿਮੂਦੁੱਲ੍ਹਾ ਨੇ 122 ਗੇਂਦਾਂ ਵਿੱਚ ਨਾਬਾਦ 101 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਬੰਗਲਾਦੇਸ਼ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ’ਤੇ 224 ਦੌੜਾਂ ਬਣਾ ਕੇ ਐਲਾਨ ਦਿੱਤੀ। ਬ੍ਰਾਇਨ ਚਾਰੀ (43 ਦੌੜਾਂ) ਅਤੇ ਕਪਤਾਨ ਹੈਮਿਲਟਨ ਮਸਾਕਾਦਜ਼ਾ (25 ਦੌੜਾਂ) ਨੇ ਪਹਿਲੀ ਵਿਕਟ ਲਈ 68 ਦੌੜਾਂ ਜੋੜ ਕੇ ਜ਼ਿੰਬਾਬਵੇ ਨੂੰ ਚੰਗੀ ਸ਼ੁਰੂਆਤ ਦਿਵਾਈ। ਫ਼ਿਰਕੀ ਗੇਂਦਬਾਜ਼ ਮੇਹਦੀ ਹਸਨ ਮਿਰਾਜ ਨੇ ਮਸਾਕਾਦਜ਼ਾ ਨੂੰ ਮੋਮੀਨੁਲ ਹੱਕ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਪਹਿਲਾਂ ਪਹਿਲੀ ਵਾਰ ਖੇਡ ਰਹੇ ਤੇਜ਼ ਗੇਂਦਬਾਜ਼ ਖਾਲਿਦ ਅਹਿਮਦ ਦੀ ਗੇਂਦ ’ਤੇ ਮਿਰਾਜ ਨੇ ਮਸਾਕਾਦਜ਼ਾ ਨੂੰ ਜੀਵਨਦਾਨ ਵੀ ਦਿੱਤਾ, ਜਦੋਂ ਉਹ ਪੰਜ ਦੌੜਾਂ ਬਣਾ ਕੇ ਖੇਡ ਰਿਹਾ ਸੀ। ਸਪਿੰਨਰ ਤਾਇਜੁਲ ਇਸਲਾਮ ਨੇ ਬ੍ਰਾਇਨ ਚਾਰੀ ਨੂੰ ਪੈਵਿਲੀਅਨ ਭੇਜ ਕੇ ਬੰਗਲਾਦੇਸ਼ ਨੂੰ ਸਫ਼ਲਤਾ ਦਿਵਾਈ। ਦਿਨ ਦੀ ਖੇਡ ਖ਼ਤਮ ਹੋਣ ’ਤੇ ਪਹਿਲੀ ਪਾਰੀ ਵਿੱਚ ਸੈਂਕੜਾ ਮਾਰਨ ਵਾਲਾ ਬ੍ਰੈਡਨ ਟੇਲਰ ਚਾਰ, ਜਦਕਿ ਸੀਨ ਵਿਲੀਅਮਜ਼ ਦੋ ਦੌੜਾਂ ਬਣਾ ਕੇ ਡਟੇ ਹੋਏ ਹਨ। ਜ਼ਿੰਬਾਬਵੇ ਨੂੰ ਹੁਣ ਵੀ ਜਿੱਤ ਲਈ 367 ਦੌੜਾਂ ਦੀ ਲੋੜ ਹੈ। ਉਸ ਲਈ ਮੈਚ ਜਿੱਤਣਾ ਜਾਂ ਡਰਾਅ ਕਰਵਾਉਣਾ ਸੌਖਾ ਨਹੀਂ ਹੋਵੇਗਾ। ਜੇਕਰ ਜ਼ਿੰਬਾਬਵੇ ਇਸ ਮੈਚ ਨੂੰ ਡਰਾਅ ਵੀ ਕਰਾ ਲੈਂਦਾ ਹੈ ਤਾਂ ਉਹ 17 ਸਾਲ ਵਿੱਚ ਵਿਦੇਸ਼ੀ ਧਰਤੀ ’ਤੇ ਪਹਿਲੀ ਟੈਸਟ ਲੜੀ ਜਿੱਤਣ ਵਿੱਚ ਸਫਲ ਰਹੇਗਾ।

VIA PUNJAB