ਮਾਰੀਆ ਸ਼ਾਰਾਪੋਵਾ ਦੀ ਜਿੱਤ, ਵਿੰਬਲਡਨ ਚੈਂਪੀਅਨ ਕਰਬਰ ਦੀ ਹਾਰ

ਮਾਂਟਰੀਅਲ – ਰੂਸੀ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਮਾਂਟਰੀਅਲ ਡਬਲਯੂਟੀਏ ਟੂਰਨਾਮੈਂਟ ਵਿੱਚ ਹਮਵਤਨ ਦਾਰੀਆ ਕਾਸਾਤਕਿਨਾ ’ਤੇ 6-0, 6-2 ਨਾਲ ਜਿੱਤ ਦਰਜ ਕੀਤੀ, ਪਰ ਏਂਜਲਿਕ ਕਰਬਰ ਨੂੰ ਵਿੰਬਲਡਨ ਖ਼ਿਤਾਬ ਹਾਸਲ ਕਰਨ ਮਗਰੋਂ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਾਰਾਪੋਵਾ ਨੇ ਸਿਰਫ਼ 66 ਮਿੰਟ ਵਿੱਚ 12ਵਾਂ ਦਰਜਾ ਪ੍ਰਾਪਤ ਕਾਸਾਤਕਿਨਾ ਨੂੰ ਹਰਾਇਆ, ਜੋ ਮੈਚ ਦੌਰਾਨ ਸਿਰਫ਼ ਤਿੰਨ ਵਿਨਰ ਹੀ ਮਾਰ ਸਕੀ। ਪੰਜ ਵਾਰ ਦੀ ਚੈਂਪੀਅਨ ਸ਼ਾਰਾਪੋਵਾ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਫਰਾਂਸ ਦੀ ਛੇਵਾਂ ਦਰਜਾ ਪ੍ਰਾਪਤ ਕੈਰੋਲਾਈਨ ਗਾਰਸੀਆ ਨਾਲ ਹੋਵੇਗਾ। ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਕਰਬਰ ਪਿਛਲੇ ਮਹੀਨੇ ਵਿੰਬਲਡਨ ਫਾਈਨਲ ਵਿੱਚ ਸੇਰੇਨਾ ਵਿਲੀਅਮਜ਼ ਨੂੰ ਹਰਾਉਣ ਮਗਰੋਂ ਆਪਣਾ ਪਹਿਲਾ ਮੈਚ ਖੇਡ ਰਹੀ ਸੀ। ਉਸ ਨੂੰ ਫਰਾਂਸ ਦੀ ਏਲਿਜੇ ਕੋਰਨੈੱਟ ਨੇ 6-4, 6-1 ਨਾਲ ਹਰਾਇਆ। ਕੋਰਨੈੱਟ ਦਾ ਸਾਹਮਣਾ ਹੁਣ ਆਸਟਰੇਲੀਆ ਦੀ ਐਸ਼ਲੇ ਬਾਰਟੀ ਨਾਲ ਹੋਵੇਗਾ, ਜਿਸ ਨੇ ਬੈਲਜੀਅਮ ਦੀ ਐਲਿਸਨ ਵੌਨ ਊਇਤਵਾਂਕ ਨੂੰ 7-6, 6-2 ਨਾਲ ਸ਼ਿਕਸਤ ਦਿੱਤੀ ਹੈ।

VIA PUNJAB