ਮੈਟਿਸ ਛੱਡ ਸਕਦੇ ਹਨ ਰੱਖਿਆ ਮੰਤਰੀ ਦਾ ਅਹੁਦਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪ੍ਰਸਾਰਿਤ ਹੋਏ ਇਕ ਇੰਟਰਵਿਊ ‘ਚ ਰੱਖਿਆ ਮੰਤਰੀ ਜਿਮ ਮੈਟਿਸ ਨੂੰ ‘ਡੈਮੋਕ੍ਰੇਟ ਵਾਂਗ’ ਦੱਸਦੇ ਹੋਏ ਕਿਹਾ ਕਿ ਉਹ ਆਪਣਾ ਅਹੁਦਾ ਛੱਡ ਸਕਦੇ ਹਨ। ਇਕ ਪੱਤਰਕਾਰ ਏਜੰਸੀ ਨੂੰ ਐਤਵਾਰ ਨੂੰ ਦਿੱਤੇ ਇੰਟਰਵਿਊ ‘ਚ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੇ ਹਨ ਕਿ ਮੈਟਿਸ ਅਹੁਦਾ ਛੱਡ ਦੇਣ। ਇਸ ‘ਤੇ ਟਰੰਪ ਨੇ ਕਿਹਾ, ”ਅਜਿਹਾ ਹੋ ਸਕਦਾ ਹੈ ਕਿ ਉਹ ਛੱਡ ਦੇਣ। ਜੇਕਰ ਤੁਸੀਂ ਸੱਚ ਜਾਨਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਇਕ ਤਰ੍ਹਾਂ ਨਾਲ ਡੈਮੋਕ੍ਰੇਟ ਹਨ। ਪਰ ਜਨਰਲ ਮੈਟਿਸ ਚੰਗੇ ਵਿਅਕਤੀ ਹਨ। ਅਸੀਂ ਇਕੱਠੇ ਬਹੁਤ ਚੰਗੀ ਤਰ੍ਹਾਂ ਰਹਿੰਦੇ ਹਾਂ। ਉਹ ਅਹੁਦਾ ਛੱਡ ਸਕਦੇ ਹਨ। ਮੇਰਾ ਕਹਿਣ ਦਾ ਮਤਲਬ ਹੈ ਕਿ ਇਕ ਵੇਲੇ ਹਰ ਕੋਈ ਜਾਂਦਾ ਹੈ।” ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਮੈਟਿਸ ਦੇ ਨਾਲ ਲੰਚ ਕੀਤਾ ਸੀ ਤੇ ਨੇਵੀ ਦੇ ਸੇਵਾਮੁਕਤ ਚਾਰ ਸਟਾਰ ਵਾਲੇ ਜਨਰਲ ਮੈਟਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਆਪਣਾ ਅਹੁਦਾ ਛੱਡ ਰਹੇ ਹਨ। ਟਰੰਪ ਨੇ ਆਪਣੇ ਮੰਤਰੀ ਮੰਡਲ ‘ਚ ਬਦਲਾਅ ਦੇ ਸੰਕੇਤ ਦਿੱਤੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਟਿਸ ‘ਤੇ ਇਹ ਟਿੱਪਣੀ ਕੀਤੀ ਹੈ। ਬੀਤੇ ਹਫਤੇ ਹੀ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਅਚਾਨਕ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ।

VIA PUNJAB