ਯੂ. ਐੱਨ. ਜਨਰਲ ਸੱਕਤਰ ਅਤੇ ਟਰੰਪ ਨੇ ਇੰਡੋਨੇਸ਼ੀਆ ਨਾਲ ਸਾਂਝਾ ਕੀਤਾ ਦੁੱਖ

ਵਾਸ਼ਿੰਗਟਨ – ਯੁਨਾਈਟਡ ਨੇਸ਼ਨਜ਼ ਦੇ ਜਨਰਲ ਸੱਕਤਰ ਐਂਟੋਨੀਓ ਗੁਤੇਰਸ ਨੇ ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਲੋਕਾਂ ਦੇ ਮਰਨ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਜ਼ਖਮੀ ਹਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਇਸ ਕੁਦਰਤੀ ਕਹਿਰ ‘ਚ ਬਰਬਾਦ ਹੋ ਚੁੱਕੇ ਇੰਡੋਨੇਸ਼ੀਆ ਦੀ ਮਦਦ ਕਰਨ ਲਈ ਉਹ ਉਸ ਦੇ ਨਾਲ ਖੜ੍ਹੇ ਹਨ। ਅਸੀਂ ਇਸ ਕੁਦਰਤੀ ਆਫਤ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ। ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਇੰਡੋਨੇਸ਼ੀਆ ਨਾਲ ਦੁੱਖ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇੰਡੋਨੇਸ਼ੀਆ ਦੇ ਪੱਛਮ ‘ਚ ਜਾਵਾ ਤੇ ਸੁਮਾਟਰਾ ਦਰਮਿਆਨ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਸਾਢੇ 9 ਵਜੇ ਜਵਾਲਾਮੁਖੀ ਫਟਣ ਤੋਂ ਬਾਅਦ ਸੁਨਾਮੀ ਕਾਰਨ ਘੱਟੋ-ਘੱਟ 281 ਵਿਅਕਤੀ ਮਾਰੇ ਗਏ ਤੇ 1,000 ਤੋਂ ਵੱਧ ਜ਼ਖਮੀ ਹੋ ਗਏ। ਸੁਨਾਮੀ ਨੇ ਕਈ ਪ੍ਰਮੁੱਖ ਬੀਚਾਂ ਤੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੇ ਭਾਰੀ ਤਬਾਹੀ ਮਚਾਈ। ਅਜੇ ਵੀ ਕਈ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਰਾਹਤ ਕਰਮਚਾਰੀ ਕੋਸ਼ਿਸ਼ਾਂ ਕਰ ਰਹੇ ਹਨ। ਬਹੁਤ ਸਾਰੇ ਘਰ ਸੁਨਾਮੀ ਦੀਆਂ ਲਹਿਰਾਂ ‘ਚ ਸਮਾ ਗਏ। ਤੁਹਾਨੂੰ ਦੱਸ ਦਈਏ ਕਿ ਇੰਡੋਨੇਸ਼ੀਆ ‘ਚ ਅਕਤੂਬਰ 2018 ਨੂੰ ਆਏ ਭੂਚਾਲ ‘ਚ ਅਤੇ ਸੁਨਾਮੀ ‘ਚ 2000 ਲੋਕਾਂ ਦੀ ਮੌਤ ਹੋ ਚੁੱਕੀ ਹੈ।

VIA PUNJAB