ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ

ਲੀਡ’ਜ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਤਿੰਨ ਟੈਸਟਾਂ ਲਈ ਅੱਜ ਪਹਿਲੀ ਵਾਰ ਭਾਰਤ ਦੀ 18 ਮੈਂਬਰੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਪੰਜ ਰੋਜ਼ਾ ਟੀਮ ਵਿੱਚ ਇੱਕ ਵਾਰ ਮੁੜ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਅਣਦੇਖੀ ਕੀਤੀ ਗਈ। 20 ਸਾਲ ਦੇ ਪੰਤ ਨੂੰ ਦਿਨੇਸ਼ ਕਾਰਿਤਕ ਨਾਲ ਮਾਹਰ ਵਿਕਟਕੀਪਰ ਬੱਲੇਬਾਜ਼ ਵਜੋਂ ਟੀਮ ਵਿੱਚ ਥਾਂ ਮਿਲੀ ਹੈ। ਪੱਕੇ ਤੌਰ ’ਤੇ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖ਼ਮੀ ਹੋਣ ਕਾਰਨ ਕਾਰਤਿਕ ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਦੇ ਪਿਛਲੇ ਟੈਸਟ ਵਿੱਚ ਖੇਡਿਆ ਸੀ। ਸਾਹਾ ਇਸ ਸਾਲ ਆਈਪੀਐਲ ਦੌਰਾਨ ਲੱਗੀ ਅੰਗੂਠੇ ਦੀ ਸੱਟ ਤੋਂ ਉਭਰ ਰਿਹਾ ਹੈ। ਯੋ-ਯੋ ਟੈਸਟ ਵਿੱਚ ਫੇਲ੍ਹ ਰਹਿਣ ਮਗਰੋਂ ਅਫ਼ਗਾਨਿਸਤਾਨ ਮੈਚ ਤੋਂ ਬਾਹਰ ਕੀਤੇ ਗਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੂਰੀ ਫਿੱਟਨੈਸ ਨਾਲ ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਲਈ ਟੀਮ ਵਿੱਚ ਵਾਪਸੀ ਕੀਤੀ ਹੈ। ਹਾਲਾਂਕਿ ਟੈਸਟ ਲੜੀ ਵਿੱਚ ਭੁਵਨੇਸ਼ਵਰ ਕੁਮਾਰ ਦੇ ਖੇਡਣ ਬਾਰੇ ਹਾਲਤ ਸਪਸ਼ਟ ਨਹੀਂ ਹਨ, ਕਿਉਂਕਿ ਕੱਲ੍ਹ ਇੰਗਲੈਂਡ ਖ਼ਿਲਾਫ਼ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਦੌਰਾਨ ਉਸ ਦੇ ਸੱਟ ਲੱਗ ਗਈ ਸੀ। ਬੀਸੀਸੀਆਈ ਨੇ ਇੱਕ ਬਿਆਨ ਅਨੁਸਾਰ, ‘‘ ਛੇਤੀ ਹੀ ਉਸ ਨੂੰ ਟੈਸਟ ਟੀਮ ਵਿੱਚ ਸ਼ਾਮਲ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।’’ ਬਿਆਨ ਅਨੁਸਾਰ ਇੱਕ ਰੋਜ਼ਾ ਲੜੀ ਦੌਰਾਨ ਅਣਫਿਟ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੂਜੇ ਟੈਸਟ ਤੋਂ ਚੋਣ ਲਈ ਮੌਜੂਦ ਰਹਿਣਗੇ। ਚੋਣਕਾਰਾਂ ਕੋਲ ਫਾਰਮ ਵੱਚ ਚੱਲ ਰਹੇ ਰੋਹਿਤ ਨੂੰ ਟੀਮ ਵਿੱਚ ਵਾਪਸ ਲੈਣ ਦਾ ਬਦਲ ਸੀ, ਪਰ ਉਸ ਨੇ ਨੌਜਵਾਨ ਖਿਡਾਰੀ ਨੂੰ ਮੌਕਾ ਦੇਣ ਨੂੰ ਪਹਿਲ ਦਿੱਤੀ। ਟੀਮ ਵਿੱਚ ਇੱਕੋ-ਇੱਕ ਨਵਾਂ ਚਿਹਰਾ ਪੰਤ ਨੂੰ ਆਈਪੀਐਲ ਸਣੇ ਘਰੇਲੂ ਕ੍ਰਿਕਟ ਵਿੱਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ ਹੈ। ਪੰਤ ਨੇ 22 ਟੈਸਟ ਸ਼੍ਰੇਣੀ ਮੈਚਾਂ ਵਿੱਚ ਇੱਕ ਤੀਹਰੇ ਸੈਂਕੜੇ ਦੀ ਮਦਦ ਨਾਲ 54.16 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਪੱਧਰ ’ਤੇ ਭਾਰਤ ਵੱਲੋਂ ਸਭ ਤੋਂ ਤੇਜ਼ ਸੈਂਕੜਾ ਮਾਰਨ ਦਾ ਰਿਕਾਰਡ ਵੀ ਉਸ ਦੇ ਨਾਮ ਹੈ। ਉਸ ਨੇ 2016-17 ਸੈਸ਼ਨ ਦੌਰਾਨ ਸਿਰਫ਼ 19 ਸਾਲ ਦੀ ਉਮਰ ਵਿੱਚ ਮਹਾਰਾਸ਼ਟਰ ਖ਼ਿਲਾਫ਼ 308 ਦੌੜਾਂ ਦੀ ਪਾਰੀ ਖੇਡੀ ਸੀ। ਇੰਗਲੈਂਡ ਦੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਵਿੱਚ ਪੰਤ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਇੱਕ ਮਹੀਨੇ ਤੋਂ ਭਾਰਤ ‘ਏ’ ਨਾਲ ਇੰਗਲੈਂਡ ਦੌਰੇ ’ਤੇ ਹੈ। ਉਸ ਨੇ ਪਿਛਲੇ ਹਫ਼ਤੇ ਟਾਨਟਨ ਵਿੱਚ ਵੈਸਟਇੰਡੀਜ਼ ‘ਏ’ ਖ਼ਿਲਾਫ਼ ਦੂਜੇ ਗ਼ੈਰ-ਰਸਮੀ ਟੈਸਟ ਵਿੱਚ 71 ਗੇਂਦਾਂ ’ਤੇ ਨਾਬਾਦ 67 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਪੰਜ ਵਿਕਟਾਂ ਦੀ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ‘ਏ’ ਨੇ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤੀ ਸੀ। ਅਫ਼ਗਾਨਿਸਤਾਨ ਟੈਸਟ ਲਈ ਥਾਂ ਬਣਾਉਣ ਵਿੱਚ ਅਸਫਲ ਰਹੇ ਕਰੁਣ ਨਾਇਰ ਅਤੇ ਸ਼ਰਦੁਲ ਠਾਕੁਰ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸ਼ਮੀ, ਬੁਮਰਾਹ ਅਤੇ ਸ਼ਰਦੁਲ ਤੋਂ ਇਲਾਵਾ ਟੀਮ ਵਿੱਚ ਸ਼ਾਮਲ ਹੋਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਹਨ। ਰੋਹਿਤ ਨੂੰ ਥਾਂ ਮਿਲਣ ਤੋਂ ਇਲਾਵਾ ਬੱਲੇਬਾਜ਼ੀ ਵਿਭਾਗ ਨੂੰ ਲੈ ਕੇ ਕੋਈ ਹੈਰਾਨੀ ਵਾਲਾ ਫ਼ੈਸਲਾ ਨਹੀਂ ਕੀਤਾ ਗਿਆ।

VIA PUNJAB