ਵਾਰਨਰ ਤੋਂ ਬਿਨਾਂ ਉਤਰੇਗਾ ਸਨਰਾਈਜ਼ਰਜ਼ ਹੈਦਰਾਬਾਦ

ਬੱਲੇਬਾਜ਼ੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਆਸਟਰੇਲਿਆਈ ਖਿਡਾਰੀ ਡੇਵਿਡ ਵਾਰਨਰ ਹੁਣ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਨਹੀਂ ਹੋਵੇਗਾ, ਜੋ ਵੀਰਵਾਰ ਨੂੰ ਇੱਥੇ ਹੋਣ ਵਾਲੇ ਅਹਿਮ ਆਈਪੀਐਲ ਮੈਚ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਉਤਰੇਗੀ। ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਇਸ ਵਿੱਚ ਜਿੱਤਣ ਵਾਲੀ ਟੀਮ ਦੀ ਪਲੇਅ-ਆਫ ਵਿੱਚ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ, ਜਦਕਿ ਹਾਰਨ ਵਾਲੀ ਟੀਮ ਬਾਹਰ ਹੋਣ ਕਿਨਾਰੇ ਪਹੁੰਚ ਜਾਵੇਗੀ। ਚੇਨੱਈ ਸੁਪਰਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਨੇ ਪਲੇਅ-ਆਫ ਵਿੱਚ ਆਪਣੀ ਥਾਂ ਪਹਿਲਾਂ ਹੀ ਬਣਾ ਲਈ ਹੈ, ਜਦਕਿ ਹੋਰ ਦੋ ਸਥਾਨਾਂ ਬਾਰੇ ਫ਼ੈਸਲਾ ਹਾਲੇ ਹੋਣਾ ਹੈ। ਇਸ ਸਮੇਂ ਮੁੰਬਈ ਇੰਡੀਅਨਜ਼ ਦੀ ਟੀਮ 12 ਮੈਚਾਂ ਵਿੱਚ 14 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਹੈਦਰਾਬਾਦ ਇੰਨ੍ਹੇ ਹੀ ਮੈਚਾਂ ਵਿੱਚ 12 ਅੰਕ ਨਾਲ ਚੌਥੇ ਨੰਬਰ ’ਤੇ ਹੈ। ਜੇਕਰ ਮੁੰਬਈ ਜਿੱਤ ਜਾਂਦੀ ਹੈ ਤਾਂ ਉਹ ਪਲੇਅ-ਆਫ ਲਈ ਕੁਆਲੀਫਾਈ ਕਰ ਲਵੇਗੀ, ਜਦਕਿ ਹੈਦਰਾਬਾਦ ਦੇ ਇਸ ਵਿੱਚ ਜਿੱਤ ਨਾਲ 14 ਅੰਕ ਹੋ ਜਾਣਗੇ ਅਤੇ ਦੋਵਾਂ ਟੀਮਾਂ ਦੇ ਬਰਾਬਰ ਅੰਕ ਹੋਣਗੇ, ਜਿਸ ਕਾਰਨ ਉਸ ਨੂੰ ਆਪਣੀ ਕਿਸਮਤ ਲਈ ਸਮੀਕਰਨ ਦੇ ਜੋੜ-ਤੋੜ ’ਤੇ ਨਜ਼ਰ ਰੱਖਣੀ ਪਵੇਗੀ। ਵਾਰਨਰ ਨੇ 12 ਮੈਚਾਂ ਵਿੱਚ 692 ਦੌੜਾਂ ਬਣਾਈਆਂ ਹਨ ਅਤੇ ਉਹ ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਕੌਮੀ ਟੀਮ ਦੇ ਕੈਂਪ ਵਿੱਚ ਸ਼ਾਮਲ ਹੋਣ ਲਈ ਸਵਦੇਸ਼ ਪਰਤ ਗਿਆ ਹੈ।

VIA PUNJAB