ਵਿਜੇ ਮਾਲਿਆ ਦੀ ਅਰਜ਼ੀ ਤੇ ਸੁਣਵਾਈ 2 ਅਗਸਤ ਤੱਕ ਟਲੀ

ਨਵੀਂ ਦਿੱਲੀ – ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੀ ਪਟੀਸ਼ਨ ਤੇ ਹੋਣ ਵਾਲੀ ਸੁਣਵਾਈ 2 ਅਗਸਤ ਤੱਕ ਟਲ ਗਈ ਹੈ| ਵਿਜੇ ਮਾਲਿਆ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਤੇ ਰੋਕ ਲਗਾਉਣ ਨੂੰ ਅਪੀਲ ਕੀਤੀ ਸੀ| ਉਸਨੇ ਕਿਹਾ ਸੀ ਕਿ ਸਿਰਫ ਕਿੰਗਫਿਸ਼ਰ ਨਾਲ ਸਬੰਧਿਤ ਜਾਇਦਾਦ ਹੀ ਜ਼ਬਤ ਕੀਤੀ ਜਾਵੇ| ਕਰਜ਼ਾ ਕਿੰਗਫਿਸ਼ਰ ਏਅਰਲਾਈਨਜ਼ ਨੇ ਹੀ ਲਿਆ ਸੀ ਇਸ ਕਾਰਨ ਨਿੱਜੀ ਅਤੇ ਪਰਿਵਾਰਕ ਜਾਇਦਾਦ ਨਾ ਜ਼ਬਤ ਕੀਤੀ ਜਾਵੇ| ਇਸ ਮਾਮਲੇ ਵਿੱਚ ਮਾਲਿਆ ਦੀ ਪਟੀਸ਼ਨ ਬੰਬਈ ਹਾਈਕੋਰਟ ਵਿਚ 11 ਜੁਲਾਈ ਨੂੰ ਰੱਦ ਕਰ ਦਿੱਤੀ ਗਈ ਸੀ| ਬ੍ਰਿਟੇਨ ਵਿੱਚ ਮਾਲਿਆ ਦੇ ਖਿਲਾਫ ਸਪੁਰਦਗੀ ਦਾ ਮਾਮਲਾ ਚਲ ਰਿਹਾ ਹੈ| ਪਿਛਲੇ ਸਾਲ ਦਸੰਬਰ ਵਿਚ ਲੰਡਨ ਦੀ ਅਦਾਲਤ ਨੇ ਹਵਾਲਗੀ ਦਾ ਫੈਸਲਾ ਸੁਣਾਇਆ ਸੀ| ਬਾਅਦ ਵਿਚ ਯੂ.ਕੇ. ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ| ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਅਦਾਲਤ ਨੇ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਸੀ| ਮਾਲਿਆ ਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ| ਉਸਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਵੀ ਚਲ ਰਹੀ ਹੈ|

VIA PUNJAB